ਬੱਧਨੀ ਕਲਾਂ, 26 ਜੂਨ (ਸੰਜੀਵ ਕੋਛੜ)-ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਨਰਿੰਦਰਪਾਲ ਸਿੰਘ ਬੈਣੀਪਾਲ ਜੁਆਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ ਬੱਧਨੀ ਕਲਾਂ ਵਿਖੇ ਕੀੜੇਮਾਰ ਦਵਾਈਆਂ ਦੀ ਦੁਕਾਨ (ਬਾਬਾ ਭਾਣੇ ਵਾਲੇ ਪੈਸਟੀਸਾਈਡ) ਦੀ ਅਚਨਚੇਤ ਜਾਂਚ ਕੀਤੀ। ਇਸ ਮੌਕੇ ਡਾ. ਨਰਿੰਦਰਪਾਲ ਸਿੰਘ ਬੈਣੀਪਾਲ ਜੁਆਇੰਟ ਡਾਇਰੈਕਟਰ ਨੇ ਦੱਸਿਆ ਕਿ ਸੰਬੰਧਿਤ ਫ਼ਰਮ ਕੋਲੇ ਕਿਸੇ ਵੀ ਖਾਦ ਤੇ ਦਵਾਈ ਦਾ ਕੋਈ ਵੀ ਖ਼ਰੀਦ ਬਿੱਲ ਮੌਜੂਦ ਨਹੀਂ ਹੈ ਅਤੇ ਸੰਬੰਧਿਤ ਦੁਕਾਨਦਾਰ ਵਲੋਂ ਨਾ ਹੀ ਕਿਸਾਨਾਂ ਨੂੰ ਬਿੱਲ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਕੁਝ ਅਣਅਧਿਕਾਰਤ ਕੰਪਨੀਆਂ ਦਾ ਮਾਲ ਜੋ ਕਿ ਪੰਜਾਬ ’ਚ ਰਜਿਸਟਰ ਨਹੀਂ ਹੈ, ਉਨ੍ਹਾਂ ਦਾ ਸਟਾਕ ਵੀ ਇਸ ਦੁਕਾਨ ‘ਚ ਮੌਜੂਦ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਦੀ ਸੈਂਪਲਿੰਗ ਵੀ ਕੀਤੀ ਗਈ ਹੈ। ਸੈਂਪਲਿੰਗ ਤੋਂ ਬਾਅਦ ਸੰਬੰਧਿਤ ਦਵਾਈਆਂ/ਖਾਦਾਂ ਨੂੰ ਲੈਬ ਵਿਚ ਟੈਸਟਿੰਗ ਲਈ ਭੇਜਿਆ ਜਾਵੇਗਾ ਅਤੇ ਉਸ ਦੇ ਜੋ ਵੀ ਨਤੀਜੇ ਆਉਣਗੇ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹੋਰਨਾਂ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਪੈਸਟੀਸਾਈਡ ਡੀਲਰ ਅਣਅਧਿਕਾਰਤ ਦਵਾਈਆਂ ਨਾ ਵੇਚੇ ਅਤੇ ਵੇਚੀ ਗਈ ਦਵਾਈ ਦਾ ਪੱਕਾ ਬਿੱਲ ਹਰ ਕਿਸਾਨ ਨੂੰ ਦੇਣ ਅਤੇ ਦੁਕਾਨਦਾਰਾਂ ਨੂੰ ਆਪਣੇ ਸਟਾਕ ਰਜਿਸਟਰਾਂ ਦਾ ਕੰਮ ਵੀ ਪੂਰਨ ਰੂਪ ‘ਚ ਮੁਕੰਮਲ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਨਰਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਪੂਰੇ ਪੰਜਾਬ ‘ਚ ਪੰਜ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਆਉਦੇਂ ਦਿਨਾਂ ‘ਚ ਵੀ ਇਹ ਇਸੇ ਤਰਾਂ ਜਾਰੀ ਰਹੇਗੀ। ਇਸ ਮੌਕੇ ਰੇਡ ਦੀ ਭਿਣਕ ਲੱਗਦਿਆਂ ਕਿਸਾਨ ਜਥੇਬੰਦੀਆਂ ਨੇ ਦੁਕਾਨ ਦੇ ਬਾਹਰ ਆ ਕੇ ਡੇਰਾ ਲਗਾ ਲਿਆ ਅਤੇ ਪਹੁੰਚੀ ਹੋਈ ਵਿਭਾਗ ਦੀ ਟੀਮ ਨੂੰ ਹੋਰਨਾਂ ਦੁਕਾਨਦਾਰਾਂ ਵਲੋਂ ਵੀ ਦਿੱਤੇ ਜਾਂਦੇ ਕੱਚੇ ਬਿੱਲਾਂ ਸੰਬੰਧੀ ਜਾਣੂੰ ਕਰਵਾਇਆ ਤਾਂ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਸਗੋਂ ਉਨ੍ਹਾਂ ਉੱਪਰ ਵੀ ਬਣਦੀ ਵਿਭਾਗੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਸੰਬੰਧੀ ਦੁਕਾਨ ਦੇ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਨਵੀਂ ਦੁਕਾਨ ਕੀਤੀ ਹੈ ਤੇ ਕਈ ਵਾਰ ਕਿਸਾਨਾਂ ਦੀ ਮੰਗ ਅਨੁਸਾਰ ਦਵਾਈ ਮੁਹੱਈਆ ਕਰਵਾਉਣ ਲਈ ਰੁਝੇਵੇਂ ‘ਚ ਰਹਿਣ ਕਾਰਨ ਕੁਝ ਕੁ ਉਨਤਾਈਆਂ ਰਹਿ ਗਈਆਂ। ਇਸ ਮੌਕੇ ਡਾ. ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ, ਡਾ. ਗੁਰਲਵਲੀਨ ਸਿੰਘ ਸਿੱਧੂ ਜ਼ਿਲ੍ਹਾ ਖਾਦ ਅਫ਼ਸਰ, ਬਲਾਕ ਖੇਤੀਬਾੜੀ ਅਫ਼ਸਰ, ਡਾ. ਬਲਜਿੰਦਰ ਸਿੰਘ, ਡਾਕਟਰ ਤਰਨਜੀਤ ਸਿੰਘ ਬਲਾਕ ਅਫ਼ਸਰ, ਡਾਕਟਰ ਜਸਬੀਰ ਕੌਰ ਏ. ਡੀ. ਓ., ਡਾ. ਖ਼ੁਸ਼ਦੀਪ ਸਿੰਘ, ਡਾ. ਜਤਿੰਦਰ ਸਿੰਘ, ਡਾ. ਮਨਜੀਤ ਸਿੰਘ, ਡਾ. ਡਿੰਪਲ ਕੌਰ, ਡਾ. ਤਰੁਣ ਸ਼ਰਮਾ ਤੋਂ ਇਲਾਵਾ ਵਿਭਾਗ ਦੇ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।