ਬੱਧਨੀ ਕਲਾਂ, 27 ਜੂਨ (ਸੰਜੀਵ ਕੋਛੜ)-ਮੋਗਾ ਬਰਨਾਲਾ ਨੈਸ਼ਨਲ ਹਾਈਵੇ ਨੰਬਰ 703 ਤੋਂ ਬੱਧਨੀ ਕਲਾਂ ਅਤੇ ਪਿੰਡ ਲੋਪੋ ਨੂੰ ਜੋੜਦੀ ਸੜਕ ’ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਤਕਰੀਬਨ 40-45 ਦਿਨਾਂ ਤੋਂ ਸੜਕ ਕਿਨਾਰੇ ਬੈਠ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਅੱਜ ਸੜਕ ਜਾਮ ਕਰਨ ਦੀ ਦਿੱਤੀ ਗਈ ਕਾਲ ਤਹਿਤ ਜਥੇਦਾਰ ਸੁਖਦੇਵ ਸਿੰਘ ਲੋਪੋ ਮੌਜੂਦਾ ਮੁਖੀ ਮਿਸ਼ਨ ਸ਼ਹੀਦ ਬਾਬਾ ਆਲਮ ਸਿੰਘ ਦੀ ਅਗਵਾਈ ਹੇਠ ਪਿੰਡ ਲੋਪੋ ਦੀ ਮੌਜੂਦਾ ਸਰਪੰਚ ਬੀਬੀ ਹਰਪਾਲ ਕੌਰ, ਪਿੰਡ ਵਾਸੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਤਪਦੀ ਗਰਮੀ ’ਚ ਸੜਕ ਵਿਚਕਾਰ ਧਰਨਾ ਲਗਾਇਆ ਗਿਆ| ਇਸ ਸਮੇਂ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਪਿੰਡ ਲੋਪੋ ਤੋਂ ਬੱਧਨੀ ਕਲਾਂ ਵਾਲੇ ਪਾਸੇ ਆਉਣ ਲਈ ਨੈਸ਼ਨਲ ਹਾਈਵੇ ਉੱਪਰ ਦੀ ਲੰਘਣਾ ਪੈਂਦਾ ਹੈ ਅਤੇ ਇਸ ਸੜਕ ’ਤੇ ਤੇਜ਼ ਰਫਤਾਰ ਨਾਲ ਆਉਂਦੇ ਵਹੀਕਲਾਂ ਕਰਕੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਤੇ ਅਨੇਕਾਂ ਵਿਅਕਤੀ ਆਪਣੀ ਕੀਮਤੀ ਜਾਨ ਤੋਂ ਵੀ ਹੱਥ ਧੋ üੱਕੇ ਹਨ ਜਿਸ ਦੇ ਹੱਲ ਲਈ ਸਰਕਾਰ ਕੋਲ ਬੀਤੇ ਲੰਬੇ ਸਮੇਂ ਤੋਂ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ| ਉਨ੍ਹਾਂ ਇਹ ਵੀ ਦੱਸਿਆ ਕਿ ਬੱਚੇ ਪੜ੍ਹਾਓ ਦੇਸ਼ ਬਚਾਓ ਦੇ ਨਾਅਰੇ ਹੇਠ ਬੀਤੇ ਲੰਬੇ ਸਮੇਂ ਤੋਂ ਸ਼ਾਂਤ ਮਈ ਰੋਸ ਪ੍ਰਦਰਸ਼ਨ ਵੀ ਨਾਲ ਹੀ ਚੱਲ ਰਿਹਾ ਹੈ ਜਿਸ ਵਿਚ ਸਾਰੇ ਸਰਕਾਰੀ ਸਕੂਲਾਂ ’ਚ 15 ਤੋਂ 20 ਕੰਪਿਊਟਰ, ਹਰ ਕਲਾਸ ’ਚ ਐਲ.ਈ.ਡੀ., ਸੀ.ਸੀ.ਟੀ.ਵੀ., ਸਿਹਤ ਵਿਭਾਗ ’ਚ ਹਰ ਤਰ੍ਹਾਂ ਦੀ ਮਸ਼ੀਨਰੀ ਤੇ ਸਟਾਫ ਦਾ ਪੂਰਾ ਪ੍ਰਬੰਧ, ਲਾਲ ਬੱਤੀ ਦੀ ਆਗਿਆ ਸਿਰਫ ਪੁਲਿਸ, ਐਂਬੂਲੈਂਸ, ਫਾਇਰ ਬ੍ਰਿਗੇਡ ਕੋਲ, ਕਿਸੇ ਵੀ ਵਿਧਾਇਕ ਜਾਂ ਧਾਰਮਿਕ ਸਥਾਨ ’ਤੇ ਸੇਵਾ ਨਿਭਾ ਰਹੇ ਵਿਅਕਤੀ ਨੂੰ ਸਰਕਾਰੀ ਰਿਹਾਇਸ਼ ਜਾਂ ਸਕਿਊਰਟੀ ਆਦਿ ਨਾ ਦੇਣ, ਰਾਜਨੀਤਕ ਪਾਰਟੀਆਂ ਵਲੋਂ ਚੋਣ ਮੈਨੀਫੈਸਟੋ ਜਾਰੀ ਕਰਨ ਲਈ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣ, ਮੋਗਾ ਬਰਨਾਲਾ ਹਾਈਵੇ ’ਤੇ ਕਈ ਪਿੰਡਾਂ ’ਚ ਫਲਾਈ ਓਵਰ ਪੁਲ ਬਣਾਉਣ, ਪੁਲਿਸ ਕਰਮਚਾਰੀਆਂ ਦੀ ਡਿਉੂਟੀ 12 ਘੰਟੇ ਕਰਨ ਤੇ ਇਕ ਦਿਨ ਦੀ ਛੁੱਟੀ ਕਰਨ ਆਦਿ ਸਮੇਤ ਹੋਰਨਾਂ ਮੰਗਾਂ ਦੀ ਮੰਗ ਕਰਦਿਆਂ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਭੁੱਖ ਹੜਤਾਲ ’ਤੇ ਬੈਠਿਆ ਜਾਵੇਗਾ| ਸੰਘਰਸ਼ ਕਰ ਰਹੇ ਲੋਕਾਂ ਵਲੋਂ ਜਾਮ ਕੀਤੀ ਗਈ ਸੜਕ ਕਾਰਨ ਪੂਰੀ ਤਰ੍ਹਾਂ ਨਾਲ ਟਰੈਫਿਕ ਜਾਮ ਹੋ ਗਿਆ ਅਤੇ ਅਤਿ ਦੀ ਪੈ ਰਹੀ ਗਰਮੀ ’ਚ ਭਾਵੇਂ ਪੁਲਿਸ ਪ੍ਰਸ਼ਾਸਨ ਵਲੋਂ ਰਾਹਗੀਰਾਂ ਨੂੰ ਬਦਲਵੇਂ ਰਾਹਾਂ ਰਾਹੀਂ ਭੇਜਣ ਦਾ ਯਤਨ ਕੀਤਾ ਗਿਆ ਪਰ ਗਰਮੀ ਤੇ ਤਪਦੀ ਧੁੱਪ ’ਚ ਖੱਜਲ ਖੁਆਰ ਹੋ ਰਹੇ ਲੋਕ ਸਰਕਾਰਾਂ ਅਤੇ ਧਰਨਾਕਾਰੀਆਂ ਨੂੰ ਕੋਸਦੇ ਨਜ਼ਰ ਆਏ| ਇਸ ਮੌਕੇ ਬਾਬਾ ਸੁਖਦੇਵ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਗੁਰਦਿਆਲ ਸਿੰਘ, ਸ਼ਮਸ਼ੇਰ ਸਿੰਘ ਲੋਪੋ, ਹਰਪਾਲ ਕੌਰ, ਕੁਲਦੀਪ ਸਿੰਘ ਬੀੜ ਬੱਧਨੀ, ਜਥੇਦਾਰ ਜਸਪ੍ਰੀਤ ਸਿੰਘ ਕਪੂਰਥਲਾ, ਜਥੇਦਾਰ ਬਲਜੀਤ ਸਿੰਘ ਜਲੰਧਰ, ਜਥੇਦਾਰ ਜਸ਼ਨਪ੍ਰੀਤ ਸਿੰਘ ਘੋਲੀਆ, ਅਰਸ਼ ਉਮਰੀਆਣਾ ਅਕਾਲੀ ਦਲ ਵਾਰਿਸ ਪੰਜਾਬ, ਰਣਜੀਤ ਸਿੰਘ ਸੋਢੀ ਦਸਮੇਸ਼ ਤਰਨਾ ਦਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ|