ਮੋਗਾ, 28 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਝੋਨੇ ਦੀ ਲਵਾਈ ਨੂੰ ਲੈ ਕੇ ਬਿਜਲੀ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਸੂਬੇ ਦੀ ਆਪ ਸਰਕਾਰ ਅਤੇ ਕਿਸਾਨਾਂ ਵਿਚ ਹਾਹਾਕਾਰ ਮੱਚੀ ਪਈ ਹੈ ਅਤੇ ਕਿਸਾਨ ਸਰਕਾਰ ਵਿਰੁੱਧ ਸੜਕਾਂ ‘ਤੇ ਆਉਣ ਲਈ ਮਜਬੂਰ ਹੈ ਅਤੇ ਕਿਸਾਨ ਜਥੇਬੰਦੀਆਂ ਵੀ ਬਿਜਲੀ ਦੀ ਸਪਲਾਈ ਨਿਰਵਿਘਨ ਨਾ ਮਿਲਣ ਕਰ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਹਨ ਅਤੇ ਜਿਹੜੀ ਸਰਕਾਰ ਦਿਨ ਵੇਲੇ ਹੀ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਦਮਗਜੇ ਮਾਰਦੀ ਸੀ, ਹੁਣ ਝੋਨੇ ਦੀ ਲਵਾਈ ਵੇਲੇ ਉਸ ਦੀ ਫ਼ੂਕ ਨਿਕਲ ਗਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਨੂੰ ਲੈ ਕੇ ਉਦਯੋਗਿਕ ਲੋਕ ਵੀ ਸਰਕਾਰ ਤੋਂ ਖ਼ਫ਼ਾ ਹਨ ਤੇ ਨਾ ਹੀ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਲਗਾਤਾਰ ਨਹੀਂ ਦਿੱਤੀ ਜਾ ਰਹੀ ਅਤੇ ਜੇਕਰ ਘਰੇਲੂ ਖਪਤਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਡੇ-ਵੱਡੇ ਕੱਟ ਲਗਾ ਕੇ ਝੋਨੇ ਦੀ ਲਵਾਈ ਦਾ ਬੁੱਤਾ ਸਾਰਨ ਦੇ ਰੌਂਅ ਵਿਚ ਹੈ ਅਤੇ ਲੋਕ ਘਰਾਂ ਵਿਚ ਗਰਮੀ ਵਿਚ ਮਰ ਰਹੇ ਹਨ। ਸਨੀ ਗਿੱਲ ਨੇ ਕਿਹਾ ਕਿ ਸਰਕਾਰ ਬਿਜਲੀ ਦਾ ਉਤਪਾਦਨ ਨਹੀਂ ਕਰ ਸਕੀ ਕਿਉਂਕਿ ਵਿਭਾਗ ਕੋਲ ਫ਼ੰਡਾਂ ਦੀ ਵੱਡੀ ਕਮੀ ਹੈ ਅਤੇ ਸਰਕਾਰ ਨੂੰ ਬਿਜਲੀ ਵਿਭਾਗ ਦੇ ਕਰਮਚਾਰੀਆਂ ਲਈ ਤਨਖ਼ਾਹਾਂ ਦੇਣੀਆਂ ਵੀ ਔਖੀਆਂ ਹੋਈਆਂ ਪਈਆਂ ਹਨ ਅਤੇ ਜਦ ਕਿ ਖੇਤੀ ਪ੍ਰਧਾਨ ਸੂਬੇ ਵਿਚ ਝੋਨੇ ਦੀ ਫ਼ਸਲ ਦੀ ਲਵਾਈ ਜ਼ੋਰਾਂ ‘ਤੇ ਹੈ ਅਤੇ ਜੇਕਰ ਬਿਜਲੀ ਦੀ ਸਪਲਾਈ ਨਿਰਵਿਘਨ ਨਾ ਦਿੱਤੀ ਗਈ, ਸੂਬੇ ਦੀ ਖੇਤੀ ਅਰਥ-ਵਿਵਸਥਾ ਖ਼ਤਰੇ ਵਿਚ ਪੈ ਜਾਵੇਗੀ। ਸਨੀ ਗਿੱਲ ਨੇ ਕਿਹਾ ਕਿ ਹੁਣ ਗ਼ਲਤ ਨੀਤੀਆਂ ਕਾਰਨ ਸਰਕਾਰ ਬਿਜਲੀ ਮਾਮਲੇ ਵਿਚ ਦਿਸ਼ਾਹੀਣ ਹੋ ਗਈ ਹੈ।