aਨੱਥੂਵਾਲਾ ਗਰਬੀ, 30 ਜੂਨ (ਨਵਦੀਪ ਸਿੰਘ)-ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿਚ ਮੋਹਰੀ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਦੇ ਅਧੀਨ ਚੱਲ ਰਹੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਗੁਰਪ੍ਰੀਤ ਕੌਰ ਪਿੰਡ ਮੱਲਕੇ (ਫ਼ਰੀਦਕੋਟ) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਏ ਗਏ ਸੀ.ਈ.ਟੀ. ਟੈੱਸਟ ਵਿਚੋਂ ਪੂਰੇ ਭਾਰਤ ਦੇ ਵਿਚੋਂ ਦੂਜਾ ਰੈਂਕ ਪ੍ਰਾਪਤ ਕੀਤਾ। ਸੰਸਥਾ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਗੁਰਪ੍ਰੀਤ ਕੌਰ ਨੇ ਪਿਛਲੇ ਸਾਲਾਂ ਵਿਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਪ੍ਰੀਤ ਕੌਰ ਨੇ ਅੱਠਵੀਂ ਜਮਾਤ ਵਿਚ 581/600 (96.8 ਫ਼ੀਸਦੀ), ਦਸਵੀਂ ਜਮਾਤ ਵਿਚ 633/650 (97.38 ਫ਼ੀਸਦੀ) ਅਤੇ 12ਵੀਂ ਜਮਾਤ ਵਿਚ 493/500 (98.60 ਫ਼ੀਸਦੀ) ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਉਸ ਨੇ ਦਸਵੀਂ ਜਮਾਤ ਵਿਚ ਪੰਜਾਬ ਭਰ ਵਿਚ 85ਵਾਂ ਮੈਰਿਟ ਸਥਾਨ ਅਤੇ 13 ਵਾਂ ਰੈਂਕ ਅਤੇ ਬਾਰ੍ਹਵੀਂ ਜਮਾਤ ਵਿਚ ਪੰਜਾਬ ਭਰ ਵਿਚ 18ਵਾਂ ਮੈਰਿਟ ਸਥਾਨ ਅਤੇ 8ਵਾਂ ਰੈਂਕ ਹਾਸਲ ਕਰਕੇ ਸੰਸਥਾ ਲਈ ਮਾਣ ਮੱਤੀ ਪ੍ਰਾਪਤੀ ਦਰਜ ਕੀਤੀ। ਸੰਸਥਾ ਦੇ ਚੇਅਰਮੈਨ ਨੇ ਗੁਰਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥਣ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਪ੍ਰਬੰਧਕੀ ਮੈਂਬਰ ਮੈਡਮ ਮੇਘਾ ਥਾਪਰ, ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ, ਪ੍ਰਿੰਸੀਪਲ ਮੈਡਮ ਰੇਣੂਕਾ, ਸੁਪਰਵਾਈਜ਼ਰ ਮੈਡਮ ਮਨਜੀਤ ਕੌਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਮਨਦੀਪ ਕੌਰ, ਗੁਰਪ੍ਰੀਤ ਕੌਰ, ਜਸਪਾਲ ਕੌਰ ਅਤੇ ਸਮੂਹ ਅਧਿਆਪਕ ਹਾਜ਼ਰ ਸਨ।
ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਦੀ ਹੋਣਹਾਰ ਵਿਦਿਆਰਥਣ ਨੇ ਰਚਿਆ ਨਵਾਂ ਇਤਿਹਾਸ
ਅਜੀਤ ਡੈਸਕ
01-07-2026