ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਲੋਕ ਭਲਾਈ ਪਹਿਲ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਮੋਗਾ ਵਿਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਅੰਦਰ ਕੁੱਲ 316 ਯੋਗਾ ਕਲਾਸਾਂ ਨਿਯਮਿਤ ਤੌਰ ‘ਤੇ ਚੱਲ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿਚ ਰੋਜ਼ਾਨਾ ਹਜ਼ਾਰਾਂ ਨਾਗਰਿਕ ਯੋਗ ਅਭਿਆਸ ਕਰ ਕੇ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਮਨ ਨੂੰ ਸ਼ਾਂਤ ਬਣਾ ਰਹੇ ਹਨ। ਇਨ੍ਹਾਂ ਕਲਾਸਾਂ ਦਾ ਸੰਚਾਲਨ 42 ਯੋਗਾ ਟਰੇਨਰਾਂ ਵਲੋਂ ਕੀਤਾ ਜਾ ਰਿਹਾ ਹੈ, ਜੋ ਲੋਕਾਂ ਨੂੰ ਯੋਗ ਦੇ ਵੱਖ-ਵੱਖ ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਦੀ ਸਹੀ ਜਾਣਕਾਰੀ ਦੇ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਦਾ ਮੁੱਖ ਉਦੇਸ਼ ਯੋਗ ਨੂੰ ਹਰ ਪਿੰਡ, ਹਰ ਵਾਰਡ ਅਤੇ ਹਰ ਮੁਹੱਲੇ ਤੱਕ ਪਹੁੰਚਾ ਕੇ ਰੰਗਲਾ ਪੰਜਾਬ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਸੰਤੁਲਨ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਲਈ ਵੀ ਬਹੁਤ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਪਿੰਡ, ਮੁਹੱਲੇ ਜਾਂ ਕਾਲੋਨੀ ਵਿਚ ਘੱਟੋ-ਘੱਟ 25 ਮੈਂਬਰ ਯੋਗਾ ਕਲਾਸ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਵਿਭਾਗ ਨਾਲ ਸੰਪਰਕ ਕਰਨ। ਯੋਗ ਮੈਂਬਰ ਪੂਰੇ ਹੋਣ ਉਪਰੰਤ ਉੱਥੇ ਯੋਗਾ ਟਰੇਨਰ ਦੀ ਵਿਵਸਥਾ ਕਰ ਕੇ ਨਿਯਮਿਤ ਕਲਾਸ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਵੱਧ ਰਹੀ ਭਾਗੀਦਾਰੀ ਇਸ ਗੱਲ ਦਾ ਸਬੂਤ ਹੈ ਕਿ ਲੋਕ ਹੁਣ ਆਪਣੀ ਸਿਹਤ ਪ੍ਰਤੀ ਹੋਰ ਜਾਗਰੂਕ ਹੋ ਰਹੇ ਹਨ ਅਤੇ ਸਰਕਾਰ ਦੀ ਇਸ ਪਹਿਲ ਨੂੰ ਭਰਪੂਰ ਸਹਿਯੋਗ ਦੇ ਰਹੇ ਹਨ। ਸੀ.ਐਮ. ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਇਲਾਕੇ ਵਿਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਵਾਉਣ ਜਾਂ ਹੋਰ ਜਾਣਕਾਰੀ ਲਈ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਸਿੰਘ ਨਾਲ ਮੋਬਾਈਲ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।