ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 5ਵੀਂ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਕੈਡਿਟਸ ਦਾ ਵਿੰਗ ਚੱਲਦਾ ਆ ਰਿਹਾ ਹੈ। ਇਸ ਵਿੰਗ ਦੀਆਂ 15 ਐਨ.ਸੀ.ਸੀ. ਗਰਲਜ਼ ਕੈਡਿਟਸ ਵਲੋਂ ਕੇਅਰ ਟੇਕਰ ਮੈਡਮ ਰਮਾ ਸੈਣੀ ਦੀ ਅਗਵਾਈ ਹੇਠ ਐਨ.ਸੀ.ਸੀ. ਅਕੈਡਮੀ ਮਲੋਟ ਵਿਖੇ ਚੱਲੇ 10 ਦਿਨਾਂ ਦੇ ਸਾਲਾਨਾ ਸਿਖਲਾਈ ਕੈਂਪ ਵਿਚ ਸ਼ਿਰਕਤ ਕੀਤੀ ਗਈ। ਇਸ ਸਾਲਾਨਾ ਕੈਂਪ ਦੀ ਰਹਿਨੁਮਾਈ ਕਮਾਂਡਿੰਗ ਅਫ਼ਸਰ ਕਰਨਲ ਸੁਨੀਲ ਕੁਮਾਰ ਦੁਆਰਾ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਸਾਲਾਨਾ ਸਿਖਲਾਈ ਕੈਂਪ ਵਿਚ ਯੂਨਿਟ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 550 ਕੈਡਿਟਸ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਕੈਡਿਟਸ ਨੂੰ ਮੈਪ ਰੀਡਿੰਗ, ਹਥਿਆਰਾਂ ਬਾਰੇ ਸਿਖਲਾਈ, ਫਾਇਰਿੰਗ, ਡਰਿੱਲ, ਲੀਡਰਸ਼ਿਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਟਰੇਨਿੰਗ ਵਿਚ ਰੋਜ਼ ਸਵੇਰੇ ਪੀ.ਟੀ. ਅਤੇ ਕਸਰਤ ਹੁੰਦੀ ਸੀ, ਉਸ ਤੋਂ ਬਾਅਦ ਥਿਊਰੀ ਦੀਆਂ ਕਲਾਸਾਂ ਲੱਗਦੀਆਂ ਸਨ ਅਤੇ ਸ਼ਾਮ ਵੇਲੇ ਸਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਜ਼ੁਬਾਨੀ ਟੈਸਟ ਆਦਿ ਕਰਵਾਏ ਗਏ। ਖੇਡ ਮੁਕਾਬਲਿਆਂ ਦੌਰਾਨ ਬਲੂਮਿੰਗ ਬਡਜ਼ ਸਕੂਲ ਦਾ ਗਰੁੱਪ ਪਹਿਲੇ ਨੰਬਰ ‘ਤੇ ਰਿਹਾ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਕਰਮਚਾਰੀਆਂ ਵਲੋਂ ਕੈਡਿਟਸ ਨੂੰ ਪ੍ਰੈਕਟੀਕਲ ਤੌਰ ‘ਤੇ ਮੁਸ਼ਕਿਲ ਹਾਲਾਤਾਂ ਵਿਚੋਂ ਨਿਕਲਣ ਲਈ ਕਈ ਤਰ੍ਹਾਂ ਦੇ ਤਰੀਕੇ ਸਿਖਾਏ ਗਏ। ਸਿਖਲਾਈ ਕੈਂਪ ਦੇ ਅੰਤਿਮ ਦਿਨ ਕੈਡਿਟਸ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਅਤੇ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਦੌਰਾਨ ਹੀ ਰਾਜਬੀਰ ਕੌਰ ਨੂੰ ਸਾਰਜੈਂਟ, ਸੁਮਨਦੀਪ ਕੌਰ ਅਤੇ ਜਸਮੀਨ ਕੌਰ ਨੂੰ ਸੀ.ਪੀ.ਐਲ. ਅਤੇ ਅਭੀਜੋਤ ਕੌਰ ਨੂੰ ਐਲ.ਸੀ.ਪੀ.ਐਲ. ਰੈਂਕ ਜਾਰੀ ਕੀਤੇ ਗਏ। ਸਕੂਲ ਵਿਚ ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ ਵਲੋਂ ਇਨ੍ਹਾਂ ਗਰਲਜ਼ ਕੈਡਿਟਸ ਦਾ ਸਟੇਜ ‘ਤੇ ਬੁਲਾ ਕੇ ਸਰਟੀਫਿਕੇਟ ਵੰਡ ਕੇ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਇਨ੍ਹਾਂ ਗਰਲਜ਼ ਕੈਡਿਟਸ ਨੂੰ ਉਚੇਚੇ ਤੌਰ ‘ਤੇ ਵਧਾਈ ਦਿੱਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਸੀ.ਸੀ. ਭਾਰਤੀ ਫ਼ੌਜ ਦਾ ਹਿੱਸਾ ਬਣਨ ਲਈ ਇਕ ਸਰਲ ਰਸਤਾ ਹੈ। ਇਸ ਤੋਂ ਇਲਾਵਾ ਐਨ.ਸੀ.ਸੀ. ਸਾਨੂੰ ਜੀਵਨ ਵਿਚ ਅਨੁਸ਼ਾਸਿਤ ਰਹਿਣ, ਆਤਮ ਨਿਰਭਰ ਹੋਣ ਅਤੇ ਮੁਸ਼ਕਿਲ ਹਾਲਾਤਾਂ ਵਿਚ ਵੀ ਅੱਗੇ ਵਧਣ ਲਈ ਭਰਪੂਰ ਸਿਖਲਾਈ ਦਿੰਦੀ ਹੈ। ਉਨ੍ਹਾਂ ਦੁਆਰਾ ਸਾਰੀਆਂ ਗਰਲਜ਼ ਕੈਡਿਟਸ ਲਈ ਇਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।