ਮੋਗਾ, 6 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)- ਨਗਰ ਨਿਗਮ ਮੋਗਾ ਦੇ ਮੇਅਰ ਦੀ ਚੋਣ 11 ਜੂਨ ਨੂੰ ਡੀ.ਸੀ. ਮੀਟਿੰਗ ਹਾਲ ਵਿਚ ਡਵੀਜ਼ਨਲ ਕਮਿਸ਼ਨਰ ਫ਼ਿਰੋਜ਼ਪੁਰ ਮੈਡਮ ਬਬੀਤਾ ਕਲੇਰ ਦੀ ਨਿਗਰਾਨੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਵਿਨੇਪਾਲ ਕੌਰ ਨੂੰ ਨਗਰ ਨਿਗਮ ਮੋਗਾ ਦਾ ਮੇਅਰ ਚੁਣਿਆ ਗਿਆ ਸੀ ਅਤੇ ਅੱਜ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਐਫ.ਐਨ.ਸੀ.ਸੀ. ਤੋਂ ਇਲਾਵਾ ਹੋਰ ਵਿਕਾਸ ਕਮੇਟੀਆਂ ਦੇ ਮੈਂਬਰਾਂ ਦੀ ਚੋਣ ਕਰਨ ਲਈ ਅੱਜ ਡਵੀਜ਼ਨਲ ਕਮਿਸ਼ਨਰ ਫ਼ਿਰੋਜ਼ਪੁਰ ਮੈਡਮ ਬਬੀਤਾ ਕਲੇਰ ਤੇ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਗੁਰਵਿੰਦਰ ਸਿੰਘ ਜੌਹਲ ਦੀ ਨਿਗਰਾਨੀ ਹੇਠ ਹੋਈ। ਇਸ ਮੀਟਿੰਗ ਵਿਚ ਨਗਰ ਨਿਗਮ ਦੇ 50 ਕੌਂਸਲਰਾਂ ਵਿਚੋਂ 37 ਦੇ ਕਰੀਬ ਕੌਂਸਲਰਾਂ ਨੇ ਭਾਜਪਾ ਲਿਆ। ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ ਕੌਂਸਲਰ ਸੰਜੇ ਸ਼ਰਮਾ ਨੇ ਰਾਕੇਸ਼ ਕੁਮਾਰ ਕਾਲਾ ਬਜਾਜ ਦਾ ਨਾਂਅ ਪੇਸ਼ ਕੀਤਾ ਜਿਸ ਦੀ ਤਾਈਦ ਕੌਂਸਲਰ ਵਰਿੰਦਰ ਟੋਨੀ ਨੇ ਕੀਤੀ ਤੇ ਹੋਰ ਨਾਂਅ ਨਾ ਹੋਣ ਦੀ ਸੂਰਤ ਵਿਚ ਰਾਕੇਸ਼ ਕੁਮਾਰ ਕਾਲਾ ਬਜਾਜ ਨੂੰ ਸਰਬਸੰਮਤੀ ਨਾਲ ਸੀਨੀਅਰ ਡਿਪਟੀ ਮੇਅਰ ਚੁਣ ਲਿਆ ਗਿਆ। ਇਸੇ ਤਰ੍ਹਾਂ ਡਿਪਟੀ ਮੇਅਰ ਦੀ ਚੋਣ ਲਈ ਦਵਿੰਦਰ ਸਿੰਘ ਤਿਵਾੜੀ ਨੇ ਗੌਰਵ ਗਰਗ ਦਾ ਨਾਂਅ ਪੇਸ਼ ਕੀਤਾ ਜਿਸ ਦੀ ਤਾਈਦ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਵਲੋਂ ਕੀਤੀ ਗਈ ਤੇ ਇਸ ਅਹੁਦੇ ਲਈ ਹੋਰ ਨਾਂਅ ਨਾ ਹੋਣ ਦੀ ਸੂਰਤ ਵਿਚ ਗੌਰਵ ਗਰਗ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ। ਇਸੇ ਤਰ੍ਹਾਂ ਐਫ.ਐਨ.ਸੀ.ਸੀ. ਤੇ ਹੋਰ ਨਗਰ ਨਿਗਮ ਨਾਲ ਸਬੰਧਿਤ ਵਿਕਾਸ ਕਮੇਟੀਆਂ ਦੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਜ਼ਿਕਰਯੋਗ ਹੈ ਕਿ ਅੱਜ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੇ 7 ਕੌਂਸਲਰਾਂ, ਸ਼੍ਰੋਮਣੀ ਅਕਾਲੀ ਦਲ (ਬ) ਦੇ 3 ਕੌਂਸਲਰਾਂ ਜਦ ਕਿ ਭਾਜਪਾ ਦੇ 3 ਕੌਂਸਲਰਾਂ ਵਿਚੋਂ 2 ਕੌਂਸਲਰਾਂ ਨੇ ਇਸ ਚੋਣ ਦਾ ਬਾਈਕਾਟ ਕਰਦਿਆਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਆਮ ਘਰਾਂ ਦੇ ਧੀਆਂ ਪੁੱਤਰ ਮੇਅਰ ਤੇ ਚੇਅਰਮੈਨਾਂ ਸਮੇਤ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋਏ ਹਨ ਜਿਸ ਦੇ ਨਤੀਜੇ ਵਜੋਂ ਕੁਝ ਪਰਿਵਾਰਾਂ ਦੀ ਰਾਜ ਭਾਗ ਉੱਪਰ ਇਜਾਰੇਦਾਰੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਨੇ ਹਮੇਸ਼ਾ ਸਚਾਈ ਦੀ ਰਾਜਨੀਤੀ ਕੀਤੀ ਹੈ ਤੇ ਆਮ ਘਰਾਂ ਦੇ ਯੋਗ ਧੀਆਂ ਪੁੱਤਰਾਂ ਨੂੰ ਅੱਗੇ ਲਿਆਂਦਾ ਹੈ ਤੇ ਇਸ ਪਾਰਟੀ ਵਿਚ ਪਰਿਵਾਰਵਾਦ ਦਾ ਕੋਈ ਵੀ ਬੋਲਬਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਇਕ ਕਰ ਰਹੀ ਹੈ ਤੇ ਆਪ ਪਾਰਟੀ ਵਲੋਂ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰ ਲਿਆ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਵੇਂ ਚੁਣੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਕੁਮਾਰ ਕਾਲਾ ਬਜਾਜ, ਡਿਪਟੀ ਮੇਅਰ ਗੌਰਵ ਗਰਗ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਤੇ ਵਿਕਾਸ ਕਮੇਟੀਆਂ ਦੇ ਬਣਨ ਨਾਲ ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਚਨਬੱਧ ਹੈ। ਉਨ੍ਹਾਂ ਮੋਗਾ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਸਰਕਾਰ ਦੀਆਂ ਵਿਕਾਸ ਪੱਖੀ ਨੀਤੀਆਂ ਨੂੰ ਦੇਖਦਿਆਂ ਆਪ ਪਾਰਟੀ ਦੇ 30 ਕੌਂਸਲਰਾਂ ਨੂੰ ਜਿਤਾ ਕੇ ਆਪ ਪਾਰਟੀ ਨੂੰ ਵੱਡਾ ਮਾਣ ਬਖ਼ਸ਼ਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਤੋਂ ਕਰਵਾਏ ਜਾਣਗੇ। ਇਸ ਮੌਕੇ ਨਗਰ ਨਿਗਮ ਮੋਗਾ ਦੇ ਮੇਅਰ ਵਿਨੇਪਾਲ ਕੌਰ ਨੇ ਵੀ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਮੋਗਾ ਹਲਕੇ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਸਰਬਸੰਮਤੀ ਨਾਲ ਹੋਈ ਚੋਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਪਿਆਰਾ ਸਿੰਘ ਬੱਧਨੀ ਮੈਂਬਰ ਨਗਰ ਸੁਧਾਰ ਸਭਾ, ਅਜੇ ਕਥੂਰੀਆ ਉੱਘੇ ਸਮਾਜ ਸੇਵੀ, ਰਾਕੇਸ਼ ਸਿਤਾਰਾ ਉੱਘੇ ਸਮਾਜ ਸੇਵੀ, ਅਮਿਤ ਪੁਰੀ, ਸੰਜੀਵ ਅਰੋੜਾ ਜ਼ਿਲ੍ਹਾ ਪ੍ਰਧਾਨ ਵਪਾਰ ਸੈੱਲ, ਅੱਪੂ ਅਰੋੜਾ, ਕੋਚੀ ਬਜਾਜ ਪ੍ਰਧਾਨ ਕਬਾੜੀਆ ਬਾਜ਼ਾਰ ਤੋਂ ਇਲਾਵਾ ਨਗਰ ਨਿਗਮ ਦੇ ਕੌਂਸਲਰ, ਆਪ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।