ਧਰਮਕੋਟ, 7 ਜੁਲਾਈ (ਪਰਮਜੀਤ ਸਿੰਘ)-ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਵਿਖੇ ਹੋਈ| ਜਿਸ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਨੇ ਕੀਤੀ ਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਸ ਸਰਕਾਰ ਦਾ ਸਮਾਂ ਲਗਪਗ ਪੂਰਾ ਹੋਣ ਦੇ ਨਜ਼ਦੀਕ ਹੈ ਪਰ ਬੜੇ ਅਫਸੋਸ ਦੀ ਗੱਲ ਇਹ ਹੈ ਕਿ ਮੌਜੂਦਾ ਸਰਕਾਰ ਨੂੰ ਨੰਬਰਦਾਰਾਂ ਨੇ ਸਮੇਂ ਸਮੇਂ ਵਿਧਾਇਕਾਂ ਅਤੇ ਡੀ. ਸੀ. ਰਾਹੀਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤੇ ਤਾਂ ਕਿ ਗੱਲ ਸਰਕਾਰ ਤੱਕ ਪਹੁੰਚ ਸਕੇ ਪਰ ਇਸ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਨੰਬਰਦਾਰਾਂ ਨੂੰ ਭਰੋਸਾ ਦਵਾਇਆ ਹੈ ਕਿ ਨੰਬਰਦਾਰਾਂ ਦੀ ਇਕ ਬੈਠਕ ਚੰਡੀਗੜ੍ਹ ਵਿਖੇ ਜਲਦ ਬੁਲਾਈ ਜਾਵੇਗੀ ਜਿਸ ਵਿਚ ਨੰਬਰਦਾਰਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਸਰਪੰਚਾਂ ਦਾ ਮਾਣ ਭੱਤੇ ਵਿਚ ਪੰਜ ਗੁਣਾ ਵਾਧਾ ਕੀਤਾ ਹੈ ਤੇ ਅਸੀਂ ਸਮੂਹ ਨੰਬਰਦਾਰ ਭਾਈਚਾਰਾ ਇਸ ਦਾ ਸਵਾਗਤ ਕਰਦੇ ਹਾਂ ਪਰ ਨੰਬਰਦਾਰਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਕਿ ਨੰਬਰਦਾਰ ਦਿਨ ਰਾਤ ਪਿੰਡਾਂ ਦੀ ਸੇਵਾ ਕਰਦੇ ਹਨ ਅਤੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਯੋਗਦਾਨ ਦੇ ਰਹੇ ਹਨ ਇਸ ਲਈ ਸਰਪੰਚਾਂ ਦੀ ਤਰਜ਼ ਤੇ ਨੰਬਰਦਾਰਾਂ ਨੂੰ ਵੀ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਾ ਚਾਹੀਦਾ ਹੈ| ਉਨ੍ਹਾਂ ਇਹ ਵੀ ਦੱਸਿਆ ਹੈ ਕਿ ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਰੋਡ 754 ਏ ਜਲਾਲਾਬਾਦ ਰਸਤਾ ਨੰਬਰ 498 ਬੰਦ ਕਰਨ ਲੱਗੇ ਹਨ ਜਿਸ ਦਾ ਨੰਬਰਦਾਰ ਯੂਨੀਅਨ ਵਿਰੋਧ ਕਰਦੀ ਹੈ| ਇਸ ਮੌਕੇ ਬਲਵੀਰ ਸਿੰਘ ਉੱਪਲ, ਚਮਕੌਰ ਸਿੰਘ ਦਾਤਾ, ਬਲਵਿੰਦਰ ਸਿੰਘ ਸੈਕਟਰੀ, ਸੁਰਜੀਤ ਸਿੰਘ ਖਾਲਿਸਤਾਨੀ, ਜਸਵੀਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਜਗਨ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਕਿੱਲੀ, ਪਰਮਜੀਤ ਸਿੰਘ, ਮੋਹਨ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ, ਬਲੌਰ ਸਿੰਘ, ਰੇਸ਼ਮ ਸਿੰਘ, ਗੁਰਮੇਹਰ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ, ਬੂਟਾ ਮੱਲ ਆਦਿ ਹਾਜ਼ਰ ਸਨ|