ਕਿਸ਼ਨਪੁਰਾ ਕਲਾਂ, 7 ਜੁਲਾਈ (ਅਮੋਲਕ ਸਿੰਘ ਕਲਸੀ)-ਫਿਲਮ ਸਤਲੁਜ ’ਤੇ ਸਰਕਾਰ ਵਲੋਂ ਪਾਬੰਦੀ ਲਗਾਉਣਾ ਮੰਦਭਾਗਾ ਹੈ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਸਬਾ ਕਿਸ਼ਨਪੁਰਾ ਕਲਾਂ ਦੇ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਅਮਰੀਕਾ ਦੇ ਪੁੱਤਰ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਅਮਰੀਕਾ ਦੇ ਭਰਾ ਪ੍ਰਧਾਨ ਜਸਵੀਰ ਸਿੰਘ ਸ਼ਾਹ, ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰਧਾਨ ਜਸਵੀਰ ਸਿੰਘ ਸ਼ਾਹ ਅਤੇ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਿੱਖ ਕੌਮ ’ਤੇ ਹੋਏ ਜ਼ੁਲਮਾਂ ਨੂੰ ਬਿਆਨ ਕਰਦੀ ਹੋਈ ਫਿਲਮ ਰੋਕਣ ਲਈ ਕੇਂਦਰ ਸਰਕਾਰ ਦੇ ਅਧੀਨ ਸੈਂਸਰ ਬੋਰਡ ਨੇ ਵੱਡੇ ਪੱਧਰ ’ਤੇ ਕੱਟ ਲਗਾਏ ਸਨ ਅਤੇ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਗਿਆ ਸੀ ਪਰ ਹੁਣ ਇਹ ਫਿਲਮ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਰਿਲੀਜ਼ ਹੋਈ ’ਤੇ ਵੀ ਕੇਂਦਰ ਸਰਕਾਰ ਵਲੋਂ ਪਾਬੰਦੀ ਲਗਾ ਕੇ ਖੋਖਲੀ ਹੋਈ ਜਮਹੂਰੀਅਤ ਦਾ ਅੰਤਰਰਾਸ਼ਟਰੀ ਪੱਧਰ ’ਤੇ ਜਨਾਜ਼ਾ ਕੱਢ ਕੇ ਰੱਖ ਦਿੱਤਾ ਗਿਆ ਹੈ ਜਦੋਂ ਕਿ ਫਿਲਮ ਅਸਲ ਸਚਾਈ ਪੇਸ਼ ਕਰਦੀ ਹੈ। ਇਸ ਮੌਕੇ ਪ੍ਰਗਟ ਸਿੰਘ ਬੱਬਾ, ਈਸ਼ਵਰ ਸਿੰਘ ਆੜ੍ਹਤੀਆ, ਸੁਖਵਿੰਦਰ ਸਿੰਘ ਕਾਲੂ, ਗੁਰਦੀਪ ਸਿੰਘ ਰਾਜੂ, ਹਰਜਿੰਦਰ ਸਿੰਘ, ਇਕਬਾਲ ਸਿੰਘ, ਸ਼ੇਰ ਸਿੰਘ ਆਦਿ ਹਾਜ਼ਰ ਸਨ।