ਕਿਸ਼ਨਪੁਰਾ ਕਲਾਂ, 8 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੀ ਪੱਤੀ ਰਾਮੂੰਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਸਥਿਤ ਧਰਮਸ਼ਾਲਾ ਦਾ ਨਵੀਨੀਕਰਨ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ (ਪੰਜਾਬ ਪੁਲਿਸ) ਦੇ ਵਿਸ਼ੇਸ਼ ਉਪਰਾਲੇ ਅਤੇ ਸਰਪੰਚ ਪ੍ਰਿੰਸ ਚਾਵਲਾ ਤੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਮੁਕੰਮਲ ਕਰਵਾਇਆ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਹੈਪੀ ਔਲਖ ਨੇ ਧਰਮਸ਼ਾਲਾ ਦੇ ਨਵੀਨੀਕਰਨ ਲਈ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਮੇਹਰ ਸਿੰਘ, ਪੰਚ ਜਸਵਿੰਦਰ ਸਿੰਘ ਔਲਖ, ਕਸਤੂਰੀ ਚਾਵਲਾ, ਬਲਰਾਜ ਸਿੰਘ ਕਾਲਾ ਪਟਵਾਰੀ ਅਤੇ ਨਿਰਮਲ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚ ਜਸਵਿੰਦਰ ਸਿੰਘ ਔਲਖ ਨੇ 42 ਹਜ਼ਾਰ ਰੁਪਏ ਅਤੇ ਕਸਤੂਰੀ ਚਾਵਲਾ ਨੇ 30 ਹਜ਼ਾਰ ਰੁਪਏ ਦੀ ਸੇਵਾ ਭੇਟ ਕੀਤੀ, ਜਦ ਕਿ ਬਾਕੀ ਲੋੜੀਂਦਾ ਸਹਿਯੋਗ ਸਰਪੰਚ ਪ੍ਰਿੰਸ ਚਾਵਲਾ ਅਤੇ ਗ੍ਰਾਮ ਪੰਚਾਇਤ ਵਲੋਂ ਦਿੱਤਾ ਗਿਆ। ਹਰਪ੍ਰੀਤ ਸਿੰਘ ਹੈਪੀ ਔਲਖ ਨੇ ਕਿਹਾ ਕਿ ਸਮਾਜ ਦੇ ਭਲੇ ਲਈ ਅਜਿਹੇ ਸੇਵਾ ਕਾਰਜ ਲੋਕਾਂ ਦੇ ਆਪਸੀ ਸਹਿਯੋਗ ਨਾਲ ਹੀ ਸੰਭਵ ਹੁੰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਲਾਕੇ ਦੇ ਲੋਕ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ, ਮਿੱਠੂ ਚੱਕੀ ਵਾਲਾ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।