ਧਰਮਕੋਟ, 18 ਜੁਲਾਈ (ਪਰਮਜੀਤ ਸਿੰਘ)-ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਵਿਦਿਆਰਥੀਆਂ ਲਈ ਡਿਗਰੀ ਤੋਂ ਬਾਅਦ ਕੈਨੇਡਾ ਵਿਚ ਉੱਚ ਸਿੱਖਿਆ ਅਤੇ ਕਰੀਅਰ ਵਿਸ਼ੇ ’ਤੇ ਇਕ ਵਿਸ਼ੇਸ਼ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਉੱਚ ਸਿੱਖਿਆ ਲਈ ਉਪਲਬਧ ਮੌਕਿਆਂ ਅਤੇ ਸਹੀ ਕਰੀਅਰ ਯੋਜਨਾ ਬਾਰੇ ਜਾਣੂ ਕਰਵਾਉਣਾ ਸੀ। ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਪ੍ਰਕਿਰਿਆ, ਮਾਸਟਰਜ਼ ਪ੍ਰੋਗਰਾਮ, ਆਇਲਟਸ/ਪੀ. ਟੀ. ਈ. ਸਕਾਲਰਸ਼ਿਪ, ਸਟੱਡੀ ਵੀਜ਼ਾ ਅਤੇ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਕਰੀਅਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਹਿਰਾਂ ਨੇ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੀ ਯੋਜਨਾ ਸਮੇਂ ਸਿਰ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਮੈਨ ਡਾ. ਮਾਨਵੀ ਅਗਰਵਾਲ, ਜਨਰਲ ਸਕੱਤਰ ਇੰਜ. ਸੁਰੇਸ਼ ਬਾਂਸਲ ਅਤੇ ਡਾਇਰੈਕਟਰ ਲਵ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਸਮੇਂ ਵਿਚ ਸਿਰਫ ਡਿਗਰੀ ਪ੍ਰਾਪਤ ਕਰਨਾ ਹੀ ਕਾਫੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਪਲਬਧ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿਚ ਬੀ.ਏ. (ਕੰਪਿਊਟਰ ਸਾਇੰਸ), ਬੀ.ਕਾਮ., ਬੀ.ਐਸ.ਸੀ. (ਇਨਫਰਮੇਸ਼ਨ ਟੈਕਨਾਲੋਜੀ), ਬੀ.ਬੀ.ਏ., ਬੀ.ਸੀ.ਏ., ਐਮ.ਕਾਮ., ਐਮ.ਏ. (ਅੰਗਰੇਜ਼ੀ) ਅਤੇ ਐਮ.ਏ. (ਪੰਜਾਬੀ) ਵਰਗੇ ਰੋਜ਼ਗਾਰ ਮੁਖੀ ਕੋਰਸ ਉਪਲਬਧ ਹਨ। ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਨੂੰ ਆਪਣੇ ਭਵਿੱਖ ਲਈ ਬਹੁਤ ਲਾਹੇਵੰਦ ਦੱਸਿਆ। ਅੰਤ ਵਿਚ ਕਾਲਜ ਪ੍ਰਬੰਧਕਾਂ ਨੇ 12ਵੀਂ ਪਾਸ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਨਹਿਰੇ ਭਵਿੱਖ ਲਈ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਦਾ ਦੌਰਾ ਕਰਕੇ ਜਾਣਕਾਰੀ ਪ੍ਰਾਪਤ ਕਰਨ ਅਤੇ ਦਾਖਲਾ ਲੈ ਕੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ।