ਬਾਘਾ ਪੁਰਾਣਾ, 22 ਜੁਲਾਈ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਦੇ ਮੁਦਕੀ ਰੋਡ ਸਥਿਤ ਸਿਵਲ ਹਸਪਤਾਲ ਬਾਘਾ ਪੁਰਾਣਾ ਦੀ ਹਾਲਤ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਸਪਤਾਲ ਦਾ ਮੁੱਖ ਰਸਤਾ ਕਈ ਮਹੀਨਿਆਂ ਤੋਂ ਖਸਤਾ ਹਾਲਤ ਵਿਚ ਪਿਆ ਹੈ, ਜਦ ਕਿ ਹਸਪਤਾਲ ਦੇ ਬਾਹਰ ਲੱਗਿਆ ਬੋਰਡ ਵੀ ਟੁੱਟਿਆ ਹੋਇਆ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਦ੍ਰਿਸ਼ ਨਾ ਸਿਰਫ਼ ਸਰਕਾਰੀ ਪ੍ਰਬੰਧਾਂ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ, ਸਗੋਂ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਸਬੰਧੀ ਕਈ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਹਸਪਤਾਲ ਦੀ ਇਮਾਰਤ ਹੋਣ ਦੇ ਬਾਵਜੂਦ ਲੰਬੇ ਸਮੇਂ ਤੱਕ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਦਾ ਭਰੋਸਾ ਘਟਦਾ ਗਿਆ। ਹਾਲ ਹੀ ਵਿਚ ਕੁਝ ਡਾਕਟਰਾਂ ਦੀ ਤਾਇਨਾਤੀ ਹੋਈ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਡਾਕਟਰ ਦੁਪਹਿਰ ਕਰੀਬ ਦੋ ਵਜੇ ਤੱਕ ਹੀ ਡਿਊਟੀ ਕਰਦੇ ਹਨ, ਜਿਸ ਕਾਰਨ ਬਾਅਦ ਦੇ ਸਮੇਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਅੱਜ ਵੀ ਕਈ ਅਹਿਮ ਜਾਂਚਾਂ, ਜਿਵੇਂ ਕਿ ਐਲ.ਐਫ.ਟੀ., ਤਿੰਨ ਮਹੀਨੇ ਪੁਰਾਣੀ ਸ਼ੂਗਰ ਅਤੇ ਹੋਰ ਖੂਨ ਨਾਲ ਸਬੰਧਿਤ ਟੈੱਸਟ, ਸਰਕਾਰੀ ਤੌਰ ‘ਤੇ ਉਪਲਬਧ ਨਹੀਂ ਹਨ ਜਾਂ ਮਰੀਜ਼ਾਂ ਨੂੰ ਬਾਹਰੋਂ ਪੈਸੇ ਦੇ ਕੇ ਕਰਵਾਉਣੇ ਪੈਂਦੇ ਹਨ। ਇਸ ਤੋਂ ਇਲਾਵਾ ਹਲਕੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਇੱਥੇ ਪੂਰੀ ਤਰ੍ਹਾਂ ਕਾਰਗਰ ਐਮਰਜੈਂਸੀ ਸੇਵਾ ਉਪਲਬਧ ਨਾ ਹੋਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਹਾਰਟ ਅਟੈਕ, ਸੱਪ ਦੇ ਡੰਗ, ਪੈਰਾਲਾਈਸਿਸ ਅਤੇ ਹੋਰ ਗੰਭੀਰ ਹਾਲਾਤਾਂ ਵਿਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਅਤੇ ਮਾਹਿਰ ਸਟਾਫ਼ ਦੀ ਘਾਟ ਕਾਰਨ ਮਰੀਜ਼ਾਂ ਨੂੰ ਤੁਰੰਤ ਮੋਗਾ, ਫ਼ਰੀਦਕੋਟ ਜਾਂ ਲੁਧਿਆਣਾ ਰੈਫ਼ਰ ਕਰਨਾ ਪੈਂਦਾ ਹੈ। ਕਈ ਵਾਰ ਹਾਦਸਿਆਂ ਵਿਚ ਜ਼ਖ਼ਮੀ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕੀਮਤੀ ਤੁਸੀਂ ਕੀਮਤੀ ਜਾਨਾ ਗਵਾਉਣੀਆਂ ਪਈਆਂ ਹਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਾਘਾ ਪੁਰਾਣਾ ਵਿਚ 24 ਘੰਟੇ ਐਮਰਜੈਂਸੀ ਸੇਵਾਵਾਂ, ਅਤੇ ਹੋਰ ਮਾਹਿਰ ਡਾਕਟਰਾਂ ਦੀ ਨਿਯੁਕਤੀ ਦੀ ਮੰਗ ਕੀਤੀ ਜਾ ਰਹੀ ਹੈ। ਹਰ ਸਰਕਾਰ ਅਤੇ ਜਨ-ਪ੍ਰਤੀਨਿਧੀ ਵਲੋਂ ਸਿਹਤ ਸਹੂਲਤਾਂ ਵਿਚ ਸੁਧਾਰ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ‘ਤੇ ਹਾਲਾਤ ਵਿਚ ਕੋਈ ਵੱਡਾ ਬਦਲਾਅ ਨਹੀਂ ਦਿਖਾਈ ਦਿੰਦਾ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਬਾਘਾ ਪੁਰਾਣਾ ਨੂੰ ਹਲਕੇ ਦੀ ਆਬਾਦੀ ਅਤੇ ਲੋੜਾਂ ਦੇ ਅਨੁਸਾਰ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਕੀਤਾ ਜਾਵੇ। ਨਾਲ ਹੀ ਟੁੱਟੇ ਮੁੱਖ ਰਸਤੇ ਅਤੇ ਹਸਪਤਾਲ ਦੇ ਬੋਰਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਐਮਰਜੈਂਸੀ ਇਲਾਜ ਲਈ ਲੋੜੀ ਦੀਆਂ ਪ੍ਰਮੁੱਖ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ ਅਤੇ ਸਰਕਾਰੀ ਸਿਹਤ ਪ੍ਰਣਾਲੀ ਪ੍ਰਤੀ ਲੋਕਾਂ ਦਾ ਭਰੋਸਾ ਮੁੜ ਬਹਾਲ ਹੋ ਸਕੇ।