ਮੋਗਾ, 22 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪਿਛਲੇ ਦੋ ਹਫ਼ਤਿਆਂ ਤੋਂ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਗਰ ਨਿਗਮ ਮੋਗਾ ਦੇ ਸਫ਼ਾਈ ਕਰਮਚਾਰੀ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਹੜਤਾਲ ‘ਤੇ ਬੈਠੇ ਹੋਣ ਕਰ ਕੇ ਮੋਗਾ ਸ਼ਹਿਰ ਵਿਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਪਰ ਇਸ ਮਾਮਲੇ ਨੂੰ ਲੈ ਕੇ ਨਾ ਹੀ ਪੰਜਾਬ ਸਰਕਾਰ ਤੇ ਨਾ ਹੀ ਸੱਤਾਧਾਰੀ ਸਰਕਾਰ ਦੇ ਲੋਕਲ ਨੁਮਾਇੰਦੇ ਗੰਭੀਰ ਹਨ ਅਤੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ ਅਤੇ ਜੇਕਰ ਇਹੀ ਹਾਲਾਤ ਰਹੇ ਤਾਂ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆਉਣਗੇ। ਇਕ ਬਰਸਾਤੀ ਮੌਸਮ ਤੇ ਦੂਸਰਾ ਮੱਛਰ ਤੇ ਡੇਂਗੂ ਦਾ ਕਹਿਰ ਵੀ ਨਾਲੋਂ ਨਾਲ ਆ ਰਿਹਾ ਹੈ। ਭਾਵੇਂ ਕਿ ਡੇਂਗੂ ਦੀ ਰੋਕਥਾਮ ਦੀ ਸਿਹਤ ਵਿਭਾਗ ਮੋਗਾ ਦੀ ਜ਼ੁੰਮੇਵਾਰੀ ਹੁੰਦੀ ਹੈ ਪਰ ਹਰ ਸਾਲ ਸਿਹਤ ਵਿਭਾਗ ਮੋਗਾ ਦੀ ਕਾਰਜਕਾਰੀ ‘ਤੇ ਸਵਾਲੀਆ ਨਿਸ਼ਾਨ ਲੱਗਦੇ ਹਨ ਅਤੇ ਬਹੁਤ ਸਾਰੀਆਂ ਜਾਨਾਂ ਡੇਂਗੂ ਦੀ ਬਿਮਾਰੀ ਨਾਲ ਅਜਾਈਂ ਜਾਂਦੀਆਂ ਹਨ ਤੇ ਇਸ ਵਾਰ ਇਸ ਦੇ ਬਚਾਅ ਲਈ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ ਮੋਗਾ ਸ਼ਹਿਰ ਵਾਸੀਆਂ ਲਈ ਮਸੀਹਾ ਬਣ ਕੇ ਉੱਭਰੇ ਹਨ ਅਤੇ ਉਨ੍ਹਾਂ ਵਲੋਂ ਆਪਣੇ ਤੌਰ ‘ਤੇ ਸਮਾਜ ਸੇਵੀ ਨੌਜਵਾਨਾਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਫੌਗਿੰਗ ਮਸ਼ੀਨਾਂ ਨਾਲ ਸਪਰੇਅ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਇਸ ਵੱਡੇ ਉੱਦਮ ਲਈ ਲੋਕ ਉਨ੍ਹਾਂ ਦੀ ਸ਼ਲਾਘਾ ਵੀ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਦੱਸਿਆ ਕਿ ਸ਼ਹਿਰ ਵਿਚ ਗੰਦਗੀ ਤੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਿਚ ਵਧਦੀ ਮੱਛਰਾਂ ਦੀ ਭਰਮਾਰ ਕਾਰਨ ਸ਼ਹਿਰ ਵਾਸੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਜਦੋਂ ਸੱਤਾਧਾਰੀ ਸਰਕਾਰ ਦੇ ਲੋਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਰਿਹਾ ਤਾਂ ਉਨ੍ਹਾਂ ਆਪਣੇ ਤੌਰ ‘ਤੇ ਇਸ ਸਮੱਸਿਆ ਦੇ ਹੱਲ ਦਾ ਬੀੜਾ ਚੁੱਕਿਆ ਹੈ ਅਤੇ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮੋਗਾ ਸ਼ਹਿਰ ਵਾਸੀ ਉਸ ਦਾ ਆਪਣਾ ਪਰਿਵਾਰ ਹੈ ਅਤੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕਿਹਾ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਹਰ ਉਸ ਮੁੱਦੇ ਨੂੰ ਉਠਾਉਂਦੇ ਰਹਾਂਗੇ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਤੇ ਲੋਕਾਂ ਦੀ ਸੇਵਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ।