ਮੋਗਾ, 31 ਜੁਲਾਈ (ਅਸ਼ੋਕ ਬਾਂਸਲ)-ਸੀਤਾ ਸਵੰਬਰ ਕਲਾ ਕੇਂਦਰ ਵਲੋਂ ਹਰ ਸਾਲ ਪ੍ਰਭੂ ਸ੍ਰੀ ਰਾਮ ਜੀ ਦੀ ਜੀਵਨ ਲੀਲ੍ਹਾ ‘ਤੇ ਆਧਾਰਿਤ ਖੇਡੀ ਜਾ ਰਹੀ ਰਾਮ-ਲੀਲ੍ਹਾ ਇਸ ਵਾਰ 18 ਸਤੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਖੇਡੀ ਜਾ ਰਹੀ ਹੈ। ਇਸ ਰਾਮ-ਲੀਲ੍ਹਾ ਦੀਆਂ ਤਿਆਰੀਆਂ ਨੂੰ ਲੈ ਕੇ ਇਕ ਮੀਟਿੰਗ ਹੋਈ। ਮੀਟਿੰਗ ਦੀ ਸ਼ੁਰੂਆਤ ਮੌਕੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰ ਕੇ ਮੀਟਿੰਗ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਫਾਊਂਡਰ ਪਰਮਜੀਤ ਸਿੰਘ ਗਿੱਲ, ਸਾਗਰ ਆਲੂਵਾਲੀਆ ਅਤੇ ਡਾਇਰੈਕਟਰ ਗਗਨ ਦੇ ਮਿੱਤਲ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਕਲੱਬ ਪ੍ਰਧਾਨ ਨਵੀਨ ਸਿੰਗਲਾ ਦੇ ਮਾਰਗ ਦਰਸ਼ਕ ਸਦਕਾ ਰਾਮ-ਲੀਲ੍ਹਾ ਨੂੰ ਲੈ ਕੇ ਸਮੁੱਚੇ ਕਲਾਕਾਰਾਂ ਨਾਲ ਅੱਜ ਮੀਟਿੰਗ ਕਰ ਕੇ ਰਿਹਰਸਲ ਦੀ ਸ਼ੁਰੂਆਤ ਬਾਰੇ ਚਰਚਾ ਕੀਤੀ ਗਈ ਹੈ ਅਤੇ 4 ਅਗਸਤ ਤੋਂ ਰਿਹਰਸਲ ਸ਼ੁਰੂ ਕਰਨ ਲਈ ਕਲਾਕਾਰਾਂ ਨੂੰ ਕਿਹਾ ਤਾਂ ਜੋ ਪ੍ਰਭੂ ਸ੍ਰੀ ਰਾਮ ਜੀ ਦੀ ਪ੍ਰੇਰਨਾ ਨੂੰ ਰਾਮ-ਲੀਲ੍ਹਾ ਮੰਚਨ ਰਾਹੀਂ ਅਜੋਕੇ ਸਮੇਂ ਦੀ ਯੂਥ ਪੀੜੀ ਵਿਚ ਪ੍ਰਚਲਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਰਾਮ-ਲੀਲ੍ਹਾ ਮੰਚਨ ਉੱਪਰ ਦਿਖਾਏ ਜਾਣ ਵਾਲੇ ਸੀਨ ਪਿੱਛੇ ਕਲਾਕਾਰਾਂ ਦੀ ਡੇਢ ਮਹੀਨੇ ਦੀ ਸਖ਼ਤ ਮਿਹਨਤ ਅਤੇ ਸ਼ਰਧਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸ੍ਰੀ ਰਾਮ ਜਨਮ ਅਤੇ ਰਾਵਣ ਮੰਦੋਦਰੀ ਸੰਵਾਦ ਰਾਮ-ਲੀਲ੍ਹਾ ਦੇ ਨਵੇਂ ਸੀਨ ਵੀ ਜਨਤਾ ਸਨਮੁੱਖ ਪੇਸ਼ ਕੀਤੇ ਜਾਣਗੇ। ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰਾਮ-ਲੀਲ੍ਹਾ ਮੰਚਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਅਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਭੂ ਸ੍ਰੀ ਰਾਮ ਜੀ ਦੀ ਜੀਵਨ ਲੀਲ੍ਹਾ ਨੂੰ ਵੇਖਣ ਲਈ ਪਰਿਵਾਰ ਸਮੇਤ ਪੰਡਾਲ ਵਿਚ ਪਹੁੰਚ ਕੇ ਸੰਸਥਾ ਨੂੰ ਆਪਣਾ ਸਹਿਯੋਗ ਦੇਣ।