ਰਾਈਜ਼ਿੰਗ ਸਟਾਰ ਮੁਕਾਬਲੇ ’ਚ ’ਦ ਲਰਨਿੰਗ ਫ਼ੀਲਡ ਦੇ ਵਿਦਿਆਰਥੀਆਂ ਦਾ ਦਬਦਬਾ, ਪੰਜ ਸ਼੍ਰੇਣੀਆਂ ’ਚ ਜਿੱਤੇ ਇਨਾਮ
ਮਿਹਨਤ ਅਤੇ ਸਹੀ ਮਾਰਗ ਦਰਸ਼ਨ ਦੀ ਜਿੱਤ-ਚੇਅਰਮੈਨ ਇੰਜੀ. ਜਨੇਸ਼ ਗਰਗ
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ‘ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ’ (ਟੀ. ਐਲ.
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ‘ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ’ (ਟੀ.ਐਲ.ਐਫ.) ਦੇ ਹੋਣਹਾਰ ਵਿਦਿਆਰਥੀਆਂ ਨੇ ਵੱਕਾਰੀ ‘ਰਾਈਜਿੰਗ ਸਟਾਰ ਮੁਕਾਬਲੇ’ ਵਿਚ ਆਪਣੀ ਬਹੁਪੱਖੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਵੱਖ-ਵੱਖ ਸ਼੍ਰੇਣੀਆਂ ਵਿਚ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਮੁੱਚੇ ਸਕੂਲ ਪਰਿਵਾਰ ਵਿਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਹੈ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ, ਡੂੰਘੇ ਅਧਿਐਨ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਸਥਾਨ ਹਾਸਲ ਕੀਤੇ। ਇਨ੍ਹਾਂ ਵਿਚ ਬੁੱਕ ਰਿਵਿਊ ਵਿਚ ਪਹਿਲਾ ਸਥਾਨ, ਡਿਬੇਟ (ਬਹਿਸ) ਵਿਚ ਦੂਜਾ ਸਥਾਨ, ਜਦ ਕਿ ਕੋਰੀਓਗ੍ਰਾਫ਼ੀ (ਨ੍ਰਿਤ ਸੰਯੋਜਨ), ਕੈਲੀਗ੍ਰਾਫੀ (ਸੁਲੇਖ) ਅਤੇ ਸਟੋਰੀਟੈਲਿੰਗ (ਕਹਾਣੀ ਸੁਣਾਉਣ) ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮਾਣਮੱਤੀ ਪ੍ਰਾਪਤੀ ‘ਤੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਸਾਬਤ ਕਰਦਾ ਹੈ ਕਿ ਸੱਚੀ ਲਗਨ, ਅਨੁਸ਼ਾਸਨ ਅਤੇ ਸਹੀ ਮਾਰਗ ਦਰਸ਼ਨ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਦ ਲਰਨਿੰਗ ਫ਼ੀਲਡ’ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਸਗੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨ ਲਈ ਹਮੇਸ਼ਾ ਵਚਨਬੱਧ ਹੈ। ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਇਸ ਪ੍ਰਾਪਤੀ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਰਾਈਜਿੰਗ ਸਟਾਰ ਵਰਗੇ ਮੁਕਾਬਲੇ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਕਲਾ ਨੂੰ ਮਜ਼ਬੂਤ ਬਣਾਉਂਦੇ ਹਨ। ਪੰਜ ਵੱਖ-ਵੱਖ ਵਿਧਾਵਾਂ ਵਿਚ ਇਨਾਮ ਜਿੱਤਣਾ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਅਤੇ ਅਧਿਆਪਕਾਂ ਦੇ ਨਿਰੰਤਰ ਮਾਰਗ ਦਰਸ਼ਨ ਦਾ ਪ੍ਰਤੱਖ ਪ੍ਰਮਾਣ ਹੈ।