ਕਿੰਗਜ਼ ਵੇ ਗਲੋਬਲ ਸਕੂਲ ਵਿਖੇ ਦੋ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ
ਪਹਿਲੇ ਹੀ ਸਾਲ ’ ਚ ਸਕੂਲ ਨੇ ਰਚਿਆ ਇਤਿਹਾਸ
ਕਿਸ਼ਨਪੁਰਾ ਕਲਾਂ, 5 ਨਵੰਬਰ (ਅਮੋਲਕ ਸਿੰਘ ਕਲਸੀ)- ਕਿੰਗਜ਼ ਵੇ ਗਲੋਬਲ ਸਕੂਲ ਕਿਸ਼ਨਪੁਰਾ ਖ਼ੁਰਦ ਵਿਖੇ ਆਈ. ਸੀ.
ਕਿਸ਼ਨਪੁਰਾ ਕਲਾਂ, 5 ਨਵੰਬਰ (ਅਮੋਲਕ ਸਿੰਘ ਕਲਸੀ)- ਕਿੰਗਜ਼ ਵੇ ਗਲੋਬਲ ਸਕੂਲ ਕਿਸ਼ਨਪੁਰਾ ਖ਼ੁਰਦ ਵਿਖੇ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਵਲੋਂ ਕਰਵਾਇਆ ਗਿਆ ਦੋ ਰੋਜ਼ਾ ਵਿਸ਼ਾਲ ਖੇਡ ਮੇਲਾ ਅੱਜ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਜ਼ਿਕਰਯੋਗ ਹੈ ਕਿ ਕਿਸ਼ਨਪੁਰਾ, ਜਗਰਾਉਂ ਅਤੇ ਸਿਧਵਾਂ ਬੇਟ ਦੇ ਸਮੁੱਚੇ ਇਲਾਕੇ ਵਿਚ ਆਈ.ਸੀ.ਐਸ.ਈ. ਬੋਰਡ ਨਾਲ ਸੰਬੰਧਿਤ ਸਕੂਲ ਵਜੋਂ ਕਿੰਗਜ਼ ਵੇ ਗਲੋਬਲ ਸਕੂਲ ਨੇ ਆਪਣੇ ਪਹਿਲੇ ਹੀ ਸਾਲ ਵਿਚ ਇੰਨੇ ਵੱਡੇ ਪੱਧਰ ‘ਤੇ ਖੇਡ ਮੇਲੇ ਦਾ ਆਯੋਜਨ ਕਰਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਦੋ ਰੋਜ਼ਾ ਖੇਡ ਮੇਲੇ ਦੌਰਾਨ ਵਿਦਿਆਰਥੀਆਂ ਲਈ ਕਈ ਦਿਲਚਸਪ ਅਤੇ ਰੋਮਾਂਚਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਰਿਲੇਅ ਰੇਸ, 50 ਮੀਟਰ ਦੌੜ, 100 ਮੀਟਰ ਦੌੜ, 200 ਮੀਟਰ ਦੌੜ, ਸੈਕ ਰੇਸ, ਲੰਬੀ ਛਾਲ, ਸ਼ਾਟ ਪੁੱਟ, ਨਿੰਬੂ-ਚਮਚ ਦੌੜ, ਸੰਤੁਲਨ ਦੌੜ, ਰੱਸਾਕਸ਼ੀ, ਤਿੰਨ ਟੰਗਾਂ ਵਾਲੀ ਦੌੜ ਅਤੇ ਬਿਨਾਂ ਹੱਥ ਲਗਾਏ ਖਾਣ ਦਾ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਵੱਖ-ਵੱਖ ਹਾਊਸਾਂ ਵਿਚਕਾਰ ਹੋਏ ਮੁਕਾਬਲਿਆਂ ’ਚ ਪਹਿਲਾ ਸਥਾਨ ਟਸਕਰਜ਼ ਹਾਊਸ (ਹਰਾ), ਦੂਜਾ ਸਥਾਨ ਸਟੈਲੀਅਨਜ਼ ਹਾਊਸ (ਲਾਲ) ਅਤੇ ਤੀਜਾ ਸਥਾਨ ਪੈਂਥਰਜ਼ ਹਾਊਸ (ਪੀਲਾ) ਨੇ ਹਾਸਿਲ ਕੀਤਾ। ਸਮਾਗਮ ਦੇ ਸਮਾਪਤੀ ਸਮਾਰੋਹ ਦੌਰਾਨ ਸਕੂਲ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਚੇਅਰਮੈਨ ਬਲਜੀਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਸਿਮਰਨਜੀਤ ਸਿੰਘ ਸਿੱਧੂ, ਮਹਿਕਦੀਪ ਸਿੰਘ, ਪ੍ਰਿੰਸੀਪਲ ਗਗਨਦੀਪ ਸਿੰਘ ਅਤੇ ਵਾਈਸ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ, ਤਗਮੇ ਅਤੇ ਟਰਾਫ਼ੀਆਂ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ।