ਸੰਗਰੂਰ, 1 ਜਨਵਰੀ (ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਓ.ਬੀ.ਸੀ ਸੈੱਲ ਦੇ ਉਪ ਚੇਅਰਮੈਨ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ 'ਆਪ' ਸਰਕਾਰ ਦੇ ਚਾਰ ਵਰ੍ਹੇ ਪੂਰੇ ਹੋ ਚੁੱਕੇ ਹਨ ਪਰ ਇਸ ਸਰਕਾਰ ਵਲੋਂ ਸੱਤਾ ਵਿਚ ਆਉਣ ਵੇਲੇ ਦਿੱਤੇ ਲਾਰੇ, ਝੂਠੇ ਵਾਅਦੇ ਅੱਜ ਵੀ ਪੂਰੇ ਨਹੀਂ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬੀਬੀਆਂ, ਭੈਣਾਂ ਨੂੰ ਇਸ ਸਰਕਾਰ ਨੇ 2022 ਦੀ ਵਿਧਾਨ ਸਭਾ ਚੋਣਾ ਦੌਰਾਨ ਹਜਾਰ ਰੁਪਿਆ ਮਹੀਨੇ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਉਸੇ ਤਰ੍ਹਾਂ ਮੂੰਹ ਲਟਕਾਈ ਖੜਾ ਹੈ | ਸ਼ਹਿਰ ਅਤੇ ਪਿੰਡ ਵਿਕਾਸ ਦੀ ਉਡੀਕ ਕਰ ਰਹੇ ਹਨ ਅਤੇ ਮੁੱਖ ਮੰਤਰੀ ਦਾ ਸ਼ਹਿਰ ਕੂੜੇ ਕਰਕਟ ਦੇ ਢੇਰਾਂ ਨਾਲ ਭਰਿਆ ਪਿਆ ਹੈ ਅਤੇ ਸੰਗਰੂਰ ਦੇ ਲੋਕ ਮੁੱਢਲੀਆਂ ਜਨਤਕ ਸਹੂਲਤਾਂ ਤੋਂ ਵੀ ਵਾਂਝੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ | ਇਸੇ ਤਰ੍ਹਾਂ ਪੰਜਾਬ ਵਿਚ ਨਸ਼ਾ, ਅਪਰਾਧ ਦਿਨੋਂ ਦਿਨ ਵਧ ਰਹੇ ਹਨ ਪਰ ਸੱਤਾ ਦਾ ਨਿੱਘ ਮਾਣ ਰਹੇ 'ਆਪ' ਆਗੂ ਇਸ ਗੰਭੀਰ ਮਸਲੇ 'ਤੇ ਚੁੱਪ ਹਨ | ਹਰਪਾਲ ਸਿੰਘ ਸੋਨੂ ਨੇ ਭਗਵੰਤ ਮਾਨ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਤੁਹਾਡੀ ਸਰਕਾਰ ਦਾ ਕੇਵਲ ਇੱਕ ਸਾਲ ਬਾਕੀ ਹੈ | ਇਸ ਲਈ ਪੰਜਾਬ ਸਰਕਾਰ ਗੰਭੀਰਤਾ ਨਾਲ ਆਪਣੇ ਵਾਅਦੇ ਪੂਰੇ ਕਰੇ |