ਸੰਗਰੂਰ, ਭਵਾਨੀਗੜ੍ਹ, 1 ਜਨਵਰੀ (ਦਮਨਜੀਤ ਸਿੰਘ, ਰਣਧੀਰ ਸਿੰਘ ਫੱਗੂਵਾਲਾ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ (ਜ਼ੈੱਡ.ਪੀ.ਐੱਸ.ਸੀ.) ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਦਿੱਲੀ 'ਚ ਪੰਜਾਬ ਪੁਲਿਸ ਵਲੋਂ ਕੀਤੀ ਗਿ੍ਫ਼ਤਾਰੀ ਦੇ ਵਿਰੋਧ ਵਿਚ ਜਥੇਬੰਦੀ ਵਲੋਂ ਦਿੱਤੇ ਸੱਦੇ ਅਨੁਸਾਰ ਅੱਜ ਬਲਾਕ ਸੰਗਰੂਰ, ਸ਼ੇਰਪੁਰ, ਭਵਾਨੀਗੜ੍ਹ, ਲਹਿਰਾਗਾਗਾ, ਦਿੜ੍ਹਬਾ ਦੇ ਪਿੰਡ ਘਰਾਚੋਂ, ਝਨੇੜੀ, ਸੋਹੀਆ, ਝਲੂਰ ਸਮੁਰ, ਸਿਹਾਲ, ਹੇੜੀਕੇ ਆਦਿ 'ਚ ਵਿਚ ਵਿਆਪਕ ਰੋਸ ਪ੍ਰਦਰਸ਼ਨ ਕੀਤੇ ਗਏ | ਕਾਰਕੁਨਾਂ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦੀਆਂ ਅਰਥੀਆਂ (ਪੁਤਲੇ) ਸਾੜ ਕੇ ਤਿੱਖਾ ਵਿਰੋਧ ਦਰਜ ਕੀਤਾ ਅਤੇ ਨਾਅਰੇਬਾਜ਼ੀ ਕਰਦਿਆਂ ਮੁਕੇਸ਼ ਮਲੌਦ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ | ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਗੁਰਚਰਨ ਘਰਾਚੋਂ, ਜਸਵੀਰ ਹੇੜੀਕੇ ਅਤੇ ਗੁਰਦਾਸ ਝਲੂਰ ਨੇ ਕਿਹਾ ਕਿ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਪੰਜਾਬ ਵਿਚ ਦਲਿਤਾਂ ਅਤੇ ਜ਼ਮੀਨਹੀਣਾਂ ਦੇ ਜ਼ਮੀਨੀ ਹੱਕਾਂ ਲਈ ਚੱਲ ਰਹੇ ਸੰਘਰਸ਼ ਨੂੰ ਕੁਚਲਣ ਦੀ ਸਾਜ਼ਿਸ਼ ਹੈ | ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿਚ ਪਿੰਡਾ ਵਿਚੋਂ ਮਜ਼ਦੂਰਾਂ ਨੇ ਹਿੱਸਾ ਲਿਆ | ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |