ਸੰਗਰੂਰ, 2 ਜਨਵਰੀ (ਧੀਰਜ ਪਸੋਰੀਆ) - ਡੈਮੋਕਰੈਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਸੰਗਰੂਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਚੋਣ ਡਿਊਟੀ 'ਤੇ ਜਾਣ ਵੇਲੇ ਗੰਭੀਰ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾ ਸ੍ਰੀਮਤੀ ਰਾਜਵੀਰ ਕੌਰ ਨੂੰ ਉਨ੍ਹਾਂ ਦੇ ਘਰ ਵਿਖੇ ਮਿਲਿਆ ਗਿਆ ਅਤੇ ਹਾਲ ਚਾਲ ਜਾਣਿਆ ਗਿਆ | ਮੈਡਮ ਰਾਜਵੀਰ ਕੌਰ, ਐਸੋਸੀਏਟ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਜਗਤ ਸਿੰਘ ਵਾਲਾ ਸੁਨਾਮ ਵਿਖੇ ਸੇਵਾ ਨਿਭਾ ਰਹੇ ਹਨ | ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਆਗੂਆਂ ਸੁਖਵਿੰਦਰ ਗਿਰ (ਜ਼ਿਲ੍ਹਾ ਪ੍ਰਧਾਨ) ਅਤੇ ਮੇਘਰਾਜ (ਜ਼ਿਲ੍ਹਾ ਪ੍ਰਧਾਨ ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ) ਨੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੀ ਨਿਖੇਧੀ ਕਰਦਿਆਂ ਕਿਹਾ ਕਿ 14 ਦਸੰਬਰ ਤੋਂ ਮੈਡਮ ਰਾਜਵੀਰ ਕੌਰ ਪੀੜਤ ਹਨ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਹਾਲੇ ਤੱਕ ਉਨ੍ਹਾਂ ਦਾ ਹਾਲ ਚਾਲ ਵੀ ਨਹੀਂ ਪੁੱਛਿਆ ਗਿਆ | ਇਸ ਸਬੰਧੀ 23 ਦਸੰਬਰ ਨੂੰ ਸਮੂਹ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ ਅਤੇ ਅਧਿਆਪਕ ਆਗੂਆਂ ਨੇ ਡਿਊਟੀ ਦੌਰਾਨ ਜ਼ਖਮੀ ਹੋਏ ਮੁਲਾਜ਼ਮਾਂ ਦਾ ਇਲਾਜ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ 20-20 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕੀਤੀ | ਇਸੇ ਤਰ੍ਹਾਂ ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਤੌਰ ਤੰਦਰੁਸਤ ਹੋਣ ਤੱਕ ਅਧਿਆਪਕਾ ਰਾਜਵੀਰ ਕੌਰ ਨੂੰ ਮੈਡੀਕਲ ਤੌਰ 'ਤੇ ਫਿੱਟ ਹੋਣ ਤੱਕ ਤਨਖ਼ਾਹ ਸਮੇਤ ਛੁੱਟੀ ਉੱਪਰ ਮੰਨਿਆ ਜਾਵੇ | ਜ਼ਿਕਰਯੋਗ ਹੈ ਕਿ ਇਹ ਅਧਿਆਪਕਾ ਐਸੋਸੀਏਟ ਟੀਚਰਜ਼ ਹਨ ਅਤੇ ਉੱਕਾ ਪੁੱਕਾ ਤਨਖ਼ਾਹ 'ਤੇ ਕੰਮ ਕਰਦੇ ਹਨ | ਇਸ ਮੌਕੇ ਆਗੂਆਂ ਨੇ ਪ੍ਰਸ਼ਾਸਨ ਦੇ ਗੈਰ ਜ਼ਿੰਮੇਵਾਰ ਰਵੱਈਏ ਦੀ ਨਿਖੇਧੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜਲਦ ਸਮੂਹ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ | ਇਸ ਮੌਕੇ ਰਾਜ ਸੈਣੀ, ਰਮਨ ਲਹਿਰਾ, ਮਨਜੀਤ ਸਿੰਘ, ਮੈਡਮ ਸਿਵਾਲੀ, ਮੈਡਮ ਅਮਨਦੀਪ ਕੌਰ ਅਤੇ ਪੀੜਤ ਪਰਿਵਾਰ ਵਿਚੋਂ ਅਧਿਆਪਕਾ ਰਾਜਵੀਰ ਕੌਰ ਦੇ ਭਰਾ ਮੱਖਣ ਸਿੰਘ ਪਤੀ ਮਲਕੀਤ ਸਿੰਘ ਅਤੇ ਮਾਤਾ ਅਮਰਜੀਤ ਕੌਰ ਵੀ ਮੌਜੂਦ ਸਨ |