ਅਬੋਹਰ, 3 ਜਨਵਰੀ (ਵਿਵੇਕ ਹੂੜੀਆ)-ਕੇਂਦਰ ਅਤੇ ਪੰਜਾਬ ਸਰਕਾਰਾਂ ਕਿਸਾਨਾਂ ਅਤੇ ਆਮ ਲੋਕਾਂ ਵਿਰੁੱਧ ਲੋਕ ਵਿਰੋਧੀ ਯੋਜਨਾਵਾਂ ਲਾਗੂ ਕਰ ਰਹੀਆਂ ਹਨ | ਜਿੱਥੇ ਸੰਯੁਕਤ ਕਿਸਾਨ ਮੋਰਚਾ ਇਸ ਵਿਰੁੱਧ ਲਗਾਤਾਰ ਲੜ ਰਿਹਾ ਹੈ, ਉੱਥੇ ਹੀ ਅਬੋਹਰ 'ਚ ਕਿਸਾਨ ਸੰਗਠਨਾਂ ਨੇ ਵੀ ਇੱਕਜੁੱਟ ਹੋਣਾ ਸ਼ੁਰੂ ਕਰ ਦਿੱਤਾ ਹੈ | ਇਸ ਤਹਿਤ ਅਬੋਹਰ ਵਿਚ ਭਾਰਤੀ ਕਿਸਾਨ ਯੂਨੀਅਨ ਖੋਸਾ ਨੂੰ ਉਸ ਸਮੇਂ ਸੰਗਠਨਾਤਮਕ ਤਾਕਤ ਮਿਲੀ ਜਦੋਂ ਬੀ.ਕੇ.ਯੂ ਸਿੱਧੂਪੁਰ ਦੇ ਵੱਡੀ ਗਿਣਤੀ ਵਿਚ ਮੈਂਬਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਬੀ.ਕੇ.ਯੂ ਖੋਸਾ ਵਿਚ ਸ਼ਾਮਿਲ ਹੋਏ | ਪੰਜਾਬ ਪ੍ਰਧਾਨ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਣਵੰਤ ਪੰਜਾਵਾ, ਪੰਜਾਬ ਸਕੱਤਰ ਬੱਬਲ ਬੁੱਟਰ, ਮੁੱਖ ਬੁਲਾਰੇ ਕੁਲਦੀਪ ਸ਼ੇਰਗੜ੍ਹ ਅਤੇ ਸੋਨਾ ਸੰਧੂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨਾਲ ਮੌਜੂਦ ਸਨ | ਉਨ੍ਹਾਂ ਦੀ ਅਗਵਾਈ ਹੇਠ ਬੀ.ਕੇ.ਯੂ ਸਿੱਧੂਪੁਰ ਦੇ ਬੱਲੂਆਣਾ ਅਤੇ ਅਬੋਹਰ ਦੇ ਕਨਵੀਨਰ ਨਿਰਮਲ ਸਿੰਘ ਅਤੇ ਜਗਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਹਿੱਸਾ ਲਿਆ | ਪੰਜਾਬ ਪ੍ਰਧਾਨ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਯੂਨੀਅਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ | ਇਸ ਮੌਕੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਪੰਜਾਬ ਵਿਚ ਐਮ.ਐਸ.ਪੀ ਕਾਨੂੰਨ ਲਾਗੂ ਕਰਵਾਉਣ, ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਵਾਉਣ ਅਤੇ ਕਿਸਾਨਾਂ ਤੋਂ ਐਕੁਆਇਰ ਕੀਤੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਦਿਵਾਉਣ ਲਈ ਲਗਾਤਾਰ ਲੜ ਰਹੀਆਂ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਵਿਚ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਪੰਜਾਬ ਵਿਚ ਜਿੱਥੇ ਵੀ ਸਮਾਰਟ ਮੀਟਰ ਲਗਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਉਖਾੜ ਕੇ ਬਿਜਲੀ ਬੋਰਡਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਵਿਰੋਧ ਨਹੀਂ ਕਰ ਰਹੀ, ਇਸ ਲਈ ਉਨ੍ਹਾਂ ਦਾ ਵਿਰੋਧ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪ੍ਰਤੀ ਹੈ ਅਤੇ ਇਨ੍ਹਾਂ ਦੋਵਾਂ ਸਰਕਾਰਾਂ ਨੂੰ ਚੋਣਾਂ ਵਿਚ ਇਸ ਦੇ ਨਤੀਜੇ ਭੁਗਤਣੇ ਪੈਣਗੇ |