ਅਮਰਗੜ੍ਹ, 3 ਜਨਵਰੀ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਗ੍ਰਾਮ ਪੰਚਾਇਤ ਝੂੰਦਾਂ ਦਾ ਆਮ ਇਜਲਾਸ ਸਰਪੰਚ ਜਸਪਾਲ ਕੌਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਪਿੰਡ ਦੀ ਪੰਚਾਇਤ ਤੇ ਆਮ ਲੋਕ ਸ਼ਾਮਿਲ ਹੋਏ | ਇਸ ਇਜਲਾਸ ਵਿਚ ਜਿੱਥੇ ਪਿੰਡ ਦੇ ਵਿਕਾਸ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਉੱਥੇ ਬੀ.ਜੇ.ਪੀ. ਦੀ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਨੂੰ ਫ਼ੇਲ੍ਹ ਕਰਨ ਲਈ ਪੇਂਡੂ ਗਰੀਬ ਲੋਕਾਂ ਦੇ ਰੁਜ਼ਗਾਰ ਖੋਹਣ ਲਈ ਜੋ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਦੀ ਨਿੰਦਾ ਕੀਤੀ ਗਈ | ਕੇਂਦਰ ਸਰਕਾਰ ਦੀ ਨਿੰਦਿਆ ਕਰਦਿਆਂ ਸਰਪੰਚ ਜਸਪਾਲ ਕੌਰ ਨੇ ਦੱਸਿਆ ਕਿ ਇਸ ਸਕੀਮ ਵਿਚ ਪਹਿਲਾਂ 90% ਕੇਂਦਰ ਸਰਕਾਰ ਯੋਗਦਾਨ ਪਾਉਂਦੀ ਸੀ ਪਰੰਤੂ ਹੁਣ ਇਸ ਸਕੀਮ ਨੂੰ 60% ਕੇਂਦਰ ਅਤੇ 40% ਸੂਬਾ ਸਰਕਾਰ ਦੇ ਲਿਹਾਜ਼ ਨਾਲ ਨਵੇਂ ਕਾਨੂੰਨ ਵਿਚ ਸੋਧ ਕਰ ਦਿੱਤੀ ਗਈ ਹੈ, ਹੁਣ ਇਹ ਸਕੀਮ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਰਹਿ ਜਾਵੇਗੀ | ਕਿਉਂਕਿ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿਸ ਹਾਲਤ ਵਿਚ 40% ਸਟੇਟ ਦਾ ਹਿੱਸਾ ਨਹੀਂ ਪਾ ਸਕਦੀ ਇਸ ਤਰਾ ਪੰਜਾਬ ਵਿਚ ਕੇਂਦਰ ਅਤੇ ਸਟੇਟ ਦੀ ਹਿੱਸੇਦਾਰੀ ਨਾਲ ਚੱਲ ਰਹੀਆਂ ਸਕੀਮਾਂ ਪਹਿਲਾਂ ਹੀ ਸਟੇਟ ਦਾ ਹਿੱਸਾ ਨਾ ਪੈਣ ਕਾਰਨ ਠੱਪ ਪਈਆਂ ਹਨ | ਇਸ ਤਰ੍ਹਾਂ ਪੇਂਡੂ ਗਰੀਬ ਲੋਕਾਂ ਨੂੰ ਜੋ ਮਨਰੇਗਾ ਰਾਹੀਂ ਥੋੜਾ ਬਹੁਤ ਰੁਜ਼ਗਾਰ ਮਿਲ ਰਿਹਾ ਸੀ ਉਹ ਕਾਗ਼ਜ਼ਾਂ ਤੱਕ ਸੀਮਤ ਰਹਿ ਜਾਵੇਗਾ ਅਤੇ ਇਹ ਸਕੀਮ ਪੰਜਾਬ ਵਿਚ ਪੂਰਨ ਰੂਪ ਵਿਚ ਫ਼ੇਲ੍ਹ ਹੋਵੇਗੀ | ਅੱਜ ਦਾ ਆਮ ਇਜਲਾਸ ਮੰਗ ਕਰਦਾ ਹੈ ਕਿ ਕੇਂਦਰ ਸਰਕਾਰ ਪਹਿਲਾਂ ਦੀ ਤਰਜ਼ ਤੇ ਹੀ ਇਹ ਸਕੀਮ ਚਾਲੂ ਰੱਖੇ ਤਾਂ ਜੋ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਅਸੀਂ ਮਤੇ ਰਾਹੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਪੰਜਾਬ ਦੇ ਬਾਕੀ ਗ੍ਰਾਮ ਪੰਚਾਇਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਪਿੰਡ ਦੀ ਗ੍ਰਾਮ ਪੰਚਾਇਤ ਵਿਚ ਮਤੇ ਪਾਈਏ ਤਾਂ ਜੋ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਵਿਰੋਧ ਦਾ ਸੁਨੇਹਾ ਕੇਂਦਰ ਸਰਕਾਰ ਤੱਕ ਪਹੁੰਚ ਸਕੇ ਅਤੇ ਉਹ ਲੋਕ ਭਾਵਨਾ ਅਨੁਸਾਰ ਕਾਨੂੰਨ ਵਿਚ ਲੋੜੀਂਦੀ ਦੀ ਸੋਧ ਕਰਨ | ਇਸ ਸਮੇਂ ਸਰਪੰਚ ਬੀਬੀ ਜਸਪਾਲ ਕੌਰ ਤੋਂ ਇਲਾਵਾ, ਜਸਵੀਰ ਸਿੰਘ ਪੰਚ, ਸਿੰਦਰਪਾਲ ਕੌਰ ਪੰਚ, ਹਰਵਿੰਦਰ ਸਿੰਘ ਪੰਚ, ਧਰਮਪਾਲ, ਕਿ੍ਸ਼ਨ ਸਿੰਘ ਭਗਵਾਨ ਸਿੰਘ, ਰਾਮ ਸਿੰਘ, ਪੂਰਨ ਸਿੰਘ, ਕੁਲਦੀਪ ਸਿੰਘ ਗਿੱਲ, ਰਵਿੰਦਰ ਸਿੰਘ ਝੂੰਦਾਂ, ਸੁਖਚੈਨ ਸਿੰਘ ਝੂੰਦਾਂ ਆਦਿ ਹਾਜ਼ਰ ਸਨ |