ਧੂਰੀ, 5 ਜਨਵਰੀ (ਸੰਜੇ ਲਹਿਰੀ) - ਜਥੇਦਾਰ ਜੰਗੀਰ ਸਿੰਘ ਕੌਲਸੜੀ ਭਵਨ ਧੂਰੀ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਕਮੇਟੀ ਧੂਰੀ ਦਾ ਇਕ ਇਜਲਾਸ ਕਾਮਰੇਡ ਰੋਹੀ ਸਿੰਘ ਕਾਂਝਲਾ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਪਹਿਲਾਂ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਸੋਕ ਸੰਦੇਸ਼ ਮਤਾ ਪਾ ਕੇ ਕਾਮਰੇਡ ਸੀਤਾ ਰਾਮ ਯੈਚੁਰੀ, ਕਾਮਰੇਡ ਅਛੂਤਾ ਨੰਦਨ ਸਾਬਕਾ ਮੁੱਖ ਮੰਤਰੀ ਕੇਰਲਾ, ਕਾਮਰੇਡ ਬੁੱਧਾਦੇਵ ਭੱਟਾਚਾਰੀਆ ਸਾਬਕਾ ਮੁੱਖ ਮੰਤਰੀ ਪੱਛਮੀ ਬੰਗਾਲ, ਕਾਮਰੇਡ ਬਲਬੀਰ ਸਿੰਘ ਖੰਨਾ ਕੈਸ਼ੀਅਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਪਰੰਤ ਸੰਬੋਧਨ ਕਰਦੇ ਹੋਏ ਕੌਮੀ ਮੀਤ ਪ੍ਰਧਾਨ ਕਾਮਰੇਡ ਚਮਕੌਰ ਸਿੰਘ ਖੇੜੀ ਸੀ.ਆਈ.ਟੀ.ਯੂ ਸੂਬਾ ਆਗੂ ਨੇ ਭਾਰਤ ਸਰਕਾਰ ਵਲੋਂ ਲਏ ਗਏ ਫ਼ੈਸਲਿਆਂ ਦਾ ਸਖ਼ਤ ਵਿਰੋਧ ਕੀਤਾ, ਜਿਵੇਂ ਕਿ 29 ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡ ਬਣਾਉਣਾ, ਬਿਜਲੀ ਐਕਟ 2025 ਅਤੇ ਮਗਨਰੇਗਾ ਕਾਨੂੰਨ ਨੂੰ ਖ਼ਤਮ ਕਰ ਕੇ ਉਸ ਦੀ ਥਾਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਬਣਾਉਣਾ ਜੋ ਕਿ ਮਨਰੇਗਾ ਮਜ਼ਦੂਰਾਂ ਦੇ ਚੱਲ ਰਹੇ ਚੁੱਲੇ੍ਹ ਠੰਢੇ ਕਰ ਦੇਵੇਗਾ, ਕਿਉਂਕਿ ਪਹਿਲਾਂ ਮਗਨਰੇਗਾ ਕਾਨੂੰਨ ਰਾਹੀਂ ਕੇਂਦਰ ਸਰਕਾਰ 90 ਅਤੇ 10 ਦੀ ਰੇਸੋ ਨਾਲ ਹਿੱਸਾ ਪਾਉਂਦੇ ਸੀ, ਜੋ ਕਿ ਹੁਣ 60 -40 ਕਰ ਦਿੱਤੀ ਗਈ ਹੈ ਅਤੇ ਕੰਮ ਦੀ ਗਰੰਟੀ ਵੀ ਖ਼ਤਮ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾ ਮਗਨਰੇਗਾ ਵਿਚ 10% ਵੀ ਹਿੱਸਾ ਨਹੀਂ ਪਾ ਸਕੀ ਹੁਣ 40% ਕਿੱਥੋਂ ਪਾਵੇਗੀ | ਪਿਛਲੇ ਚਾਰ ਸਾਲਾਂ ਵਿਚੋਂ ਪਹਿਲੇ ਤਿੰਨ ਸਾਲਾਂ ਵਿਚ 35 ਦਿਨਾਂ ਦਾ ਕੰਮ ਪ੍ਰਤੀ ਸਾਲ ਮਿਲਿਆ ਹੈ, ਅਤੇ ਅਖੀਰਲੇ ਚੌਥੇ ਸਾਲ ਵਿਚ ਸਿਰਫ਼ 26 ਦਿਨਾਂ ਦਾ ਹੀ ਕੰਮ ਮਿਲਿਆ ਹੈ | ਇਹ ਮਗਨਰੇਗਾ ਕਾਨੂੰਨ ਯੂ.ਪੀ.ਏ ਦੀ ਪਹਿਲੀ ਸਰਕਾਰ ਵਿਚ ਕਾਮਰੇਡ ਹਰਕਿ੍ਸ਼ਨ ਸਿੰਘ ਸੁਰਜੀਤ ਦੀ ਰਹਿਨੁਮਾਈ ਹੇਠ ਬਣਿਆ ਸੀ | ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੋਹਾਂ ਆਗੂਆਂ ਨੇ 10 ਜਨਵਰੀ ਨੂੰ ਪਿੰਡ ਘਰਾਚੋਂ ਰਵਿਦਾਸ ਭਵਨ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਇਜਲਾਸ ਵਿਚ ਪਹੁੰਚਣ ਦੀ ਅਪੀਲ ਕੀਤੀ | ਉਪਰੋਕਤ ਤੋਂ ਇਲਾਵਾ ਕਾਮਰੇਡ ਫੱਲੜ ਸਿੰਘ ਲੱਡਾ ਕਿਸਾਨ ਆਗੂ, ਜੋਗਾ ਸਿੰਘ ਉਪਲੀ, ਇੰਦਰਜੀਤ ਸਿੰਘ ਛੰਨਾ ਸੀ.ਆਈ.ਟੀ.ਯੂ ਆਗੂਆਂ ਨੇ ਭਰਾਤਰੀ ਸੰਦੇਸ਼ ਦਿੱਤੇ | ਉਸ ਤੋਂ ਉਪਰੰਤ ਕਾਮਰੇਡ ਜੋਗਿੰਦਰ ਸਿੰਘ ਬਧੱਣ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਸੰਗਰੂਰ ਨੇ ਤਹਿਸੀਲ ਕਮੇਟੀ ਧੂਰੀ ਦਾ ਪੈਨਲ ਪੇਸ਼ ਕੀਤਾ | ਜਿਸ ਵਿਚ 11 ਮੈਂਬਰੀ ਵਿਚ ਪ੍ਰਧਾਨ ਚਮਕੌਰ ਸਿੰਘ ਮੂਲੋਵਾਲ, ਮੀਤ ਪ੍ਰਧਾਨ ਰੋਹੀ ਸਿੰਘ ਕਾਂਝਲਾ, ਸਕੱਤਰ ਜੋਗਿੰਦਰ ਸਿੰਘ ਕੁੰਭੜਵਾਲ, ਸਹਾਇਕ ਸਕੱਤਰ ਅਮਰੀਕ ਸਿੰਘ ਮੂਲੋਵਾਲ, ਹੰਸਾ ਸਿੰਘ, ਜਰਨੈਲ ਸਿੰਘ, ਨਾਜਰ ਸਿੰਘ, ਕਿਰਪਾਲ ਸਿੰਘ, ਜਸਵੀਰ ਸਿੰਘ ਮੈਂਬਰ ਚੁਣੇ ਗਏ |