ਲਹਿਰਾਗਾਗਾ, 5 ਜਨਵਰੀ (ਅਸ਼ੋਕ ਗਰਗ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਜਦੋਂ ਮਹਾਰਾਸ਼ਟਰ ਤੋਂ ਪੰਜਾਬ ਆ ਰਹੇ ਸਨ ਤਾਂ ਦਿੱਲੀ ਰੇਲਵੇ ਸਟੇਸ਼ਨ ਤੋਂ ਸੰਗਰੂਰ ਪੁਲਿਸ ਵਲੋਂ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਜਿਸ ਦੇ ਰੋਸ ਵਜੋਂ ਅੱਜ ਡੈਮੋਕਰੈਟਿਕ ਟੀਚਰਜ਼ ਫ਼ਰੰਟ ਬਲਾਕ ਲਹਿਰਾਗਾਗਾ ਅਤੇ ਮੂਨਕ ਅਤੇ ਜਨਤਕ ਜਥੇਬੰਦੀਆਂ ਜਮਹੂਰੀ ਜਥੇਬੰਦੀਆਂ ਦੇ ਵਫ਼ਦ ਨੇ ਇਸ ਗਿ੍ਫ਼ਤਾਰੀ ਖ਼ਿਲਾਫ਼ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਮਜ਼ਦੂਰ ਆਗੂ ਨੂੰ ਫ਼ੌਰੀ ਰਿਹਾਅ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਮਨਰੇਗਾ ਦੇ ਮਸਲੇ ਨੂੰ ਲੈ ਕੇ ਵਿਸ਼ੇਸ਼ ਇਜਲਾਸ ਕਰ ਕੇ ਮਜ਼ਦੂਰਾਂ ਦੇ ਪੱਖੀ ਹੋਣ ਦਾ ਡਰਾਮਾ ਕਰ ਰਹੀ ਹੈ ਅਤੇ ਮਗਰਮੱਛੀ ਹੰਝੂ ਵਹਾ ਰਹੀ ਹੈ ਅਤੇ ਦੂਸਰੇ ਪਾਸੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹਾਂ ਵਿਚ ਸੁੱਟ ਰਹੀ ਹੈ | ਇਸ ਤੋਂ ਪੰਜਾਬ ਸਰਕਾਰ ਦਾ ਦਲਿਤ ਅਤੇ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਮੁਕੇਸ਼ ਮਲੌਦ ਨੰੂ ਤੁਰੰਤ ਰਿਹਾਅ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਜਥੇਬੰਦੀਆਂ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ | ਡੈਮੋਕਰੈਟਿਕ ਟੀਚਰਜ਼ ਫ਼ਰੰਟ ਬਲਾਕ ਪ੍ਰਧਾਨ ਲਹਿਰਾਗਾਗਾ ਮਨੋਜ ਕੁਮਾਰ, ਬਲਾਕ ਪ੍ਰਧਾਨ ਮੂਨਕ ਰਾਜ ਸੈਣੀ ਅਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਪ੍ਰਧਾਨ ਸੰਗਰੂਰ ਮੇਘਰਾਜ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਮਜ਼ਦੂਰ ਜਥੇਬੰਦੀਆਂ ਜੋ ਐਕਸ਼ਨ ਉਲਕਣਗੀਆਂ ਉਸ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਗੁਰਦਾਸ ਝਲੂਰ, ਕਿਰਤੀ ਦਲ਼ ਪੰਜਾਬ ਤੋਂ ਬੱਬੀ ਲਹਿਰਾ, ਸੇਬੀ ਖੰਡੇਬਾਦ, ਸਫ਼ਾਈ ਸੇਵਕ ਯੂਨੀਅਨ ਲਹਿਰਾ ਤੋਂ ਆਗੂ ਸੁਖਵਿੰਦਰ ਮੌਜੂਦ ਸਨ |