-ਗਰਮਾ-ਗਰਮੀ ਵਾਲੇ ਮਾਹੌਲ ਵਿਚ ਹੋਈ ਨਗਰ ਕੌਂਸਲ ਦੀ ਮੀਟਿੰਗ- 'ਆਪ' ਦੇ ਬਾਗ਼ੀ ਕੌਂਸਲਰਾਂ ਨੇ ਬੁਲਾਈ ਸੀ ਰੀਕੋਜਿਸਨ ਮੀਟਿੰਗ <br/>
ਅਜੀਤ ਡੈਸਕ
06-01-2026
ਮਹਿਲਾ ਕੌਂਸਲਰ ਨੇ ਬੀਬੀ ਹਰਮਨ ਦੇ ਦੋਸ਼ਾਂ ਨੂੰ ਨਕਾਰਿਆ
- ਕਾਂਗਰਸ ਦੀ ਮਹਿਲਾ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ, ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਬੀਬੀ ਪ੍ਰੀਤ ਜੈਨ ਸਮੇਤ ਹੋਰ ਕੌਂਸਲਰਾਂ ਨੇ ਹਾਊਸ ਦੀ ਮੀਟਿੰਗ ਦੌਰਾਨ ਕੌਂਸਲਰ ਪਰਮਿੰਦਰ ਸਿੰਘ ਪਿੰਕੀ ਉੱਪਰ ਕੌਂਸਲਰ ਬੀਬੀ ਹਰਮਨ ਦੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਮਾੜਾ ਵਿਵਹਾਰ ਪਿੰਕੀ ਨੇ ਨਹੀਂ ਬਲਕਿ ਖ਼ੁਦਾ ਬੀਬੀ ਹਰਮਨ ਨੇ ਕੀਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪਿੰਕੀ ਦਾ ਵਤੀਰਾ ਹਮੇਸ਼ਾ ਸਤਿਕਾਰ ਵਾਲਾ ਮਹਿਲਾ ਕੌਂਸਲਰ ਪ੍ਰਤੀ ਰਿਹਾ ਹੈ ਜਿਸ ਕਾਰਨ ਉਹ ਪਿੰਕੀ ਦੀ ਸ਼ਲਾਘਾ ਕਰਦੀਆਂ ਹਨ |
ਪੰਜਾਬ ਪ੍ਰਦੂਸ਼ਣ ਬੋਰਡ ਵਲੋਂ 84 ਲੱਖ ਦੇ ਜੁਰਮਾਨੇ ਦਾ ਮੁੱਦਾ ਵੀ ਛਾਇਆ
- ਹਾਊਸ ਦੀ ਮੀਟਿੰਗ ਵਿਚ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ, ਮਨੀ ਕਥੂਰੀਆ, ਜੋਤੀ ਗਾਬਾ, ਬੀਬੀ ਜਸਵੀਰ ਕੌਰ ਢਿੱਲੋਂ, ਵਿਜੈ ਲੰਕੇਸ਼ ਸਮੇਤ ਹੋਰ ਕੌਂਸਲਰਾਂ ਨੇ ਪ੍ਰਦੂਸ਼ਣ ਬੋਰਡ ਵਲੋ ਨਗਰ ਕੌਂਸਲ ਨੂੰ 84 ਲੱਖ ਦਾ ਜੁਰਮਾਨਾ ਕਰਨ ਦਾ ਮੁੱਦਾ ਚਰਚਾ ਵਿਚ ਰਿਹਾ | ਮੀਟਿੰਗ ਉਪਰੰਤ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਕਮੇਟੀ ਨੂੰ ਅਜੇ ਤੱਕ ਅਜਿਹਾ ਕੋਈ ਨੋਟਿਸ ਨਹੀ ਮਿਲਿਆ, ਇਸ ਸਬੰਧੀ ਕੇਵਲ ਅਖ਼ਬਾਰਾਂ ਜਾ ਮੀਡੀਆ ਦੇ ਮਾਧਿਅਮ ਤੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਹੈ |
ਪੁਰਾਣੀ ਮੰਡੀ ਗਲੀ ਦੇ ਬੰਦ ਗੇਟ ਖੁਲ੍ਹਵਾਉਣ ਜਾ ਉਸ ਦੀ ਮੁਰੰਮਤ ਕਰਵਾਉਣ ਦੀ ਹੋਈ ਚਰਚਾਂ
- ਹਾਊਸ ਦੀ ਮੀਟਿੰਗ ਉਪਰੰਤ ਪੁਰਾਣੀ ਮੰਡੀ ਗਲੀ ਦੇ ਬਾਜ਼ਾਰ ਨਾਲ ਸਬੰਧਿਤ ਦੁਕਾਨਦਾਰ ਪ੍ਰਧਾਨ ਈ.ਓ., ਸਮੇਤ ਹੋਰ ਕੌਂਸਲਰਾਂ ਨੂੰ ਮਿਲੇ | ਦੁਕਾਨਦਾਰਾਂ ਦੀ ਪ੍ਰਤੀਨਿਧਤਾ ਕਰ ਰਹੇ ਮਨੀ ਕਥੂਰੀਆ, ਜੋਤੀ ਗਾਬਾ, ਬੀਬੀ ਬਲਵੀਰ ਕੌਰ ਸੈਣੀ, ਨੱਥੂ ਲਾਲ ਢੀਂਗਰਾ, ਜਗਜੀਤ ਸਿੰਘ ਕਾਲਾ, ਪ੍ਰਦੀਪ ਪੁਰੀ ਨੇ ਕਿਹਾ ਕਿ ਮੰਡੀ ਦਾ ਬੰਦ ਕੀਤਾ ਗੇਟ ਤੁਰੰਤ ਖੋਲਿ੍ਹਆ ਜਾਵੇ ਕਿਉਂਕਿ ਇਸ ਨਾਲ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਕਾਰਜਸਾਧਕ ਅਫ਼ਸਰ ਦਾ ਤਰਕ ਸੀ ਕਿ ਗੇਟ ਸੁਰੱਖਿਅਤ ਨਹੀਂ ਹੈ ਇਸ ਲਈ ਬੰਦ ਕੀਤਾ ਗਿਆ ਹੈ ਤਾਂ ਕੌਂਸਲਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿਰਾਸਤੀ ਦਰਵਾਜ਼ਾ ਹੈ ਇਸ ਲਈ ਇਸ ਨੂੰ ਮੁਰੰਮਤ ਕਰਵਾ ਕੇ ਬਚਾਇਆ ਜਾਵੇ |