ਮਲੇਰਕੋਟਲਾ, 5 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਇਕ ਛੋਟੇ ਜਿਹੇ ਪਿੰਡ ਰਟੋਲਾਂ ਦੀ ਹੋਣਹਾਰ ਧੀ ਰੁਪਿੰਦਰ ਕੌਰ ਜੋ ਕਿ ਕਰੀਬ 11 ਸਾਲ ਪਹਿਲਾਂ ਆਪਣੇ ਦਿਲ ਅੰਦਰ ਸੰਜੋਏ ਹੋਏ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ ਦੀ ਧਰਤੀ 'ਤੇ ਗਈ ਸੀ, ਨੇ ਲੰਬੇ ਸੰਘਰਸ਼ ਤੋਂ ਬਾਅਦ ਕੈਨੇਡਾ ਦੇ ਜੇਲ੍ਹ ਵਿਭਾਗ ਵਿਚ ਅਫ਼ਸਰ ਬਣ ਕੇ ਆਪਣੇ ਦੇਸ਼ ਦੇ ਨਾਲ-ਨਾਲ ਆਪਣਾ, ਆਪਣੇ ਮਾਪਿਆਂ, ਆਪਣੇ ਪਿੰਡ ਅਤੇ ਜ਼ਿਲ੍ਹਾ ਮਲੇਰਕੋਟਲਾ ਦਾ ਵਿਸ਼ਵ ਭਰ ਵਿਚ ਨਾਂਅ ਰੌਸ਼ਨ ਕੀਤਾ ਹੈ | ਰੁਪਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਸਰਬਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਨੇ ਮਲੇਰਕੋਟਲਾ ਦੇ ਇਕ ਨਿੱਜੀ ਸਕੂਲ ਤੋਂ ਬਾਰ੍ਹਵੀਂ ਪਾਸ ਕੀਤੀ ਸੀ ਅਤੇ ਫਿਰ ਉਹ 11 ਸਾਲ ਪਹਿਲਾਂ ਆਈਲੇਟਸ ਦੀ ਪੜ੍ਹਾਈ ਕਰ ਕੇ ਕੈਨੇਡਾ ਚਲੀ ਗਈ ਸੀ | ਜਿੱਥੇ ਉਸ ਨੇ ਕਈ ਸਾਲ ਹੋਟਲ ਵਿਚ ਕੰਮ ਕੀਤਾ | ਫਿਰ ਉਸ ਨੰੂ ਇਕ ਵਿਅਕਤੀ ਨੇ ਸਰਕਾਰੀ ਨੌਕਰੀ ਲਈ ਪ੍ਰੇਰਿਤ ਕਰ ਕੇ ਉਸ ਦੀ ਮਦਦ ਕੀਤੀ ਅਤੇ ਜੇਲ੍ਹ ਵਿਭਾਗ ਵਿਚ ਹੈਲਥ ਕੇਅਰ ਦੀ ਨੌਕਰੀ ਮਿਲ ਗਈ ਸੀ, ਜਿੱਥੇ ਉਸ ਨੇ 2 ਸਾਲ ਨੌਕਰੀ ਕੀਤੀ | ਸਖ਼ਤ ਟਰੇਨਿੰਗ ਹਾਸਿਲ ਕਰਨ ਤੋਂ ਬਾਅਦ ਹੁਣ ਪਿਛਲੇ ਦਿਨੀਂ ਕੈਨੇਡਾ ਦੇ ਜੇਲ੍ਹ ਵਿਭਾਗ ਵਿਚ ਪੱਕੇ ਤੌਰ ਤੇ ਕੁਰੱਪਸ਼ਨ ਅਫ਼ਸਰ ਬਣ ਗਈ ਰੁਪਿੰਦਰ ਕੌਰ ਦੇ ਮਾਪਿਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਪੁੱਤਾਂ ਵਾਂਗ ਪਾਲਿਆ ਅਤੇ ਪੜ੍ਹਾਇਆ ਏਥੋਂ ਤੱਕ ਕਿ ਉਹ ਕੱਪੜੇ ਵੀ ਮੁੰਡਿਆਂ ਵਾਲੇ ਪਾਉਂਦੀ ਸੀ | ਅੱਜ ਉਸ ਨੇ ਕੇਨੈਡਾ ਵਿਚ ਇਕ ਅਫ਼ਸਰ ਬਣ ਕੇ ਸਾਡੀ ਸਾਰੀ ਗ਼ਰੀਬੀ ਨੂੰ ਧੋ ਕੇ ਰੱਖ ਦਿੱਤਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੀਆਂ ਧੀਆਂ ਦੀ ਵਧੀਆ ਪ੍ਰਵਰਿਸ਼ ਕਰ ਕੇ ਪੜ੍ਹਾਈ ਕਰਵਾਉਣ ਕਿਉਂਕਿ ਧੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿਚ ਅੱਗੇ ਆ ਰਹੀਆਂ ਹਨ | ਇਸ ਲਈ ਸਾਨੂੰ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਨਾਅਰੇ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ | ਰੁਪਿੰਦਰ ਕੌਰ ਦੀ ਇਸ ਪ੍ਰਾਪਤੀ 'ਤੇ ਇਲਾਕੇ ਭਰ ਦੇ ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਲਈ ਪਹੁੰਚ ਰਹੇ ਹਨ |