18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਅਹਿਮਦਗੜ੍ਹ ਵਿਖੇ ਫ਼ੋਨ ਕਾਲ 'ਤੇ ਗੁਰੂ ਘਰ ਦੇ ਨਾਂਅ 'ਤੇ 5 ਗੈਸ ਸਿਲੰਡਰਾਂ ਦੀ ਠੱਗੀ ਕਰਨ ਦਾ ਅਨੋਖਾ ਮਾਮਲਾ <br/>

Ad Position 21
No active advertisement
ਅਜੀਤ ਡੈਸਕ 06-01-2026
ਅਹਿਮਦਗੜ੍ਹ, 5 ਜਨਵਰੀ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਤੋਂ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਫ਼ੋਨ ਕਾਲ ਰਾਹੀਂ 5 ਵਪਾਰਕ ਸਿਲੰਡਰਾਂ ਦੀ ਠੱਗੀ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇੱਕ ਸ਼ਾਤਿਰ ਠੱਗ ਵਲੋਂ ਅਹਿਮਦਗੜ੍ਹ ਵਿਖੇ ਗੈੱਸ ਏਜੰਸੀ ਤੋਂ 5 ਸਿਲੰਡਰ ਫ਼ੋਨ ਰਾਹੀਂ ਗੁਰਦੁਆਰਾ ਸਿੰਘ ਸਭਾ ਵਿਖੇ ਚੱਲ ਰਹੇ ਪ੍ਰਕਾਸ਼ ਪੁਰਬ ਸਮਾਗਮ ਲਈ ਭੇਜਣ ਲਈ ਕਿਹਾ ਗਿਆ ਅਤੇ ਇਨ੍ਹਾਂ ਦੀ ਬਣਦੀ ਕੀਮਤ ਆਨ ਲਾਈਨ ਜਮ੍ਹਾਂ ਕਰਨ ਦੀ ਗੱਲ ਆਖੀ ਗਈ | ਇਸ ਦੇ ਨਾਲ ਹੀ ਇਸ ਵਿਅਕਤੀ ਵਲੋਂ ਇੱਕ ਟੈਕਸੀ ਐਪ ਰਾਹੀਂ ਅਹਿਮਦਗੜ੍ਹ ਤੋਂ ਬੱਸੀ ਪਠਾਣਾਂ ਜਾਣ ਲਈ ਇੱਕ ਟੈਕਸੀ ਬੁੱਕ ਕੀਤੀ ਗਈ | ਗੈੱਸ ਏਜੰਸੀ ਵਲੋਂ ਤੁਰੰਤ 5 ਸਿਲੰਡਰ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਭੇਜ ਦਿੱਤੇ ਗਏ | ਉੱਧਰ ਬੁੱਕ ਕੀਤੀ ਟੈਕਸੀ ਦਾ ਚਾਲਕ ਸਵਾਰੀ ਲੈਣ ਲਈ ਅਹਿਮਦਗੜ੍ਹ ਆਇਆ ਤਾਂ ਉਸ ਠੱਗ ਨੇ ਲੰਗਰ ਲਾਉਣ ਦਾ ਬਹਾਨਾ ਲਾ ਸਵਾਰੀਆਂ ਦੀ ਥਾਂ 5 ਗੈਸ ਨਾਲ ਭਰੇ ਸਿਲੰਡਰ ਗੁਰਦੁਆਰਾ ਸਾਹਿਬ ਤੋਂ ਲਿਆਉਣ ਲਈ ਕਿਹਾ | ਟੈਕਸੀ ਚਾਲਕ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਚੱਲਦਿਆਂ ਉਸ ਵਿਅਕਤੀ ਦੀ ਗੱਲ ਵੀ ਮੰਨ ਲਈ | ਜਦੋਂ ਟੈਕਸੀ ਚਾਲਕ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਤੋਂ ਸਿਲੰਡਰ ਲੈਣ ਲਈ ਪੁੱਜਾ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਉਸ ਤੋਂ ਪੁੱਛ ਗਿੱਛ ਕੀਤੀ ਤਾਂ ਉਸ ਟੈਕਸੀ ਚਾਲਕ ਨੇ ਤੁਰੰਤ ਉਸ ਠੱਗ ਵਿਅਕਤੀ ਨਾਲ ਸੇਵਾਦਾਰ ਦੀ ਗੱਲ ਕਰਵਾ ਦਿੱਤੀ | ਟੈਕਸੀ ਚਾਲਕ ਮੁਤਾਬਕ ਉਹ ਨਾ ਚਾਹੁੰਦੇ ਹੋਏ ਵੀ ਸਿਲੰਡਰ ਟੈਕਸੀ ਵਿਚ ਲੱਦ ਕਿ ਸ਼ਾਤਿਰ ਵਿਅਕਤੀ ਵਲੋਂ ਦੱਸੇ ਡੇਰਾ ਬਸੀ ਪਠਾਣਾਂ ਸ਼ਹਿਰ ਠਿਕਾਣੇ ਤੇ ਸਿਲੰਡਰ ਪਹੰੁਚਾ ਦਿੱਤੇ ਅਤੇ ਉਸ ਵਿਅਕਤੀ ਕੋਲੋਂ ਬਣਦਾ ਕਿਰਾਇਆ ਲੈ ਕਿ ਚੰਡੀਗੜ੍ਹ ਚਲਾ ਗਿਆ | ਅਹਿਮਦਗੜ੍ਹ ਵਿਖੇ ਗੈੱਸ ਏਜੰਸੀ ਦੇ ਮੁਲਾਜ਼ਮਾਂ ਨੇ ਵਾਰ ਵਾਰ ਉਕਤ ਵਿਅਕਤੀ ਤੋਂ ਸਿਲੰਡਰਾਂ ਦੀ ਬਣਦੀ ਰਾਸ਼ੀ ਦੀ ਮੰਗ ਕੀਤੀ ਪਰ ਉਸ ਨੇ ਨਵਾਂ ਬਹਾਨਾ ਬਣਾ ਟਾਲ ਦਿੱਤਾ ਅਤੇ ਸਿਲੰਡਰ ਪ੍ਰਾਪਤ ਕਰਨ ਤੋਂ ਬਾਅਦ ਤੁਰੰਤ ਆਪਣਾ ਫ਼ੋਨ ਬੰਦ ਕਰ ਲਿਆ | ਉਸ ਵਕਤ ਗੈੱਸ ਏਜੰਸੀ ਦੇ ਮੁਲਾਜ਼ਮਾਂ ਨੇ ਗੁਰਦੁਆਰਾ ਕਮੇਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਿਲੰਡਰ ਮੰਗਵਾਉਣ ਤੋਂ ਹੀ ਅਨਜਾਣਤਾ ਪ੍ਰਗਟਾਈ ਅਤੇ ਮਾਮਲੇ ਦੀ ਜਾਂਚ ਕਰਨ ਲਈ ਸੀ ਸੀ ਟੀਵੀ ਕੈਮਰੇ ਚੈੱਕ ਕੀਤੇ ਤਾਂ ਸਾਰਾ ਮਾਮਲਾ ਸਾਫ਼ ਹੋਣ ਲੱਗ ਪਿਆ | ਕੈਮਰਿਆਂ ਵਿਚ ਇੱਕ ਗੁਰਸਿੱਖ ਨੌਜਵਾਨ ਗੁਰਦੁਆਰਾ ਸਾਹਿਬ ਤੋਂ ਕਾਰ ਵਿਚ ਸਿਲੰਡਰ ਲੱਦਦਾ ਨਜ਼ਰ ਆਇਆ | ਉਨ੍ਹਾਂ ਤੁਰੰਤ ਆਪਣੇ ਸ਼ਹਿਰ ਦੇ ਟੈਕਸੀ ਡਰਾਈਵਰਾਂ ਨੂੰ ਇਸ ਵਿਅਕਤੀ ਦੀ ਪਛਾਣ ਕਰਨ ਲਈ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਉਕਤ ਸਿਲੰਡਰ ਲਿਜਾਣ ਦੀ ਘਟਨਾ ਵਾਇਰਲ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਸਵੇਰੇ ਤੱਕ ਉਹ ਉਕਤ ਟੈਕਸੀ ਚਾਲਕ ਲੜਕੇ ਦੀ ਪਹਿਚਾਣ ਮਲੇਰਕੋਟਲਾ ਦੇ ਲਾਗਲੇ ਪਿੰਡ ਅਮਾਮਗੜ੍ਹ ਦਾ ਹਰਕਮਲਦੀਪ ਵਜੋਂ ਹੋਈ | ਉਸ ਲੜਕੇ ਨੂੰ ਜਦੋਂ ਆਪਣੇ ਵਾਇਰਲ ਵੀਡੀਓ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪਰਵਾਰਿਕ ਮੈਂਬਰਾਂ ਨਾਲ ਅਹਿਮਦਗੜ੍ਹ ਵਿਖੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਮਿਲਿਆ ਅਤੇ ਕਮੇਟੀ ਮੈਂਬਰਾਂ ਨਾਲ ਇਸ ਬਾਰੇ ਸਾਰੀ ਗੱਲ ਸਾਂਝੀ ਕੀਤੀ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ | ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਧਾਨ ਗੁਲਾਬ ਸਿੰਘ, ਸੈਕਟਰੀ ਨਿਹਾਲ ਸਿੰਘ ਉੱਭੀ ਅਤੇ ਕੌਂਸਲਰ ਮੀਤ ਜਗਵੰਤ ਸਿੰਘ ਜੱਗੀ ਸਮੇਤ ਥਾਣਾ ਸਿਟੀ ਅਹਿਮਦਗੜ੍ਹ ਦੇ ਮੁਖੀ ਗੁਰਵਿੰਦਰ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਗੁਰੂਘਰ ਦੇ ਨਾਮ ਤੇ ਠੱਗੀ ਮਾਰਨ ਵਾਲੇ ਨੂੰ ਤੁਰੰਤ ਗਿ੍ਫ਼ਤਾਰ ਕਰਨ ਲਈ ਸ਼ਿਕਾਇਤ ਕੀਤੀ | ਥਾਣਾ ਮੁਖੀ ਨੇ ਇਸ ਗੰਭੀਰ ਮਸਲੇ ਤੁਰੰਤ ਜਾਂਚ ਕਰ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦਾ ਯਕੀਨ ਦਿਵਾਇਆ | ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ- ਐਸ.ਐਸ.ਪੀ. ਗਗਨ ਅਜੀਤ ਸਿੰਘ <br/> ਅਗਲੀ ਖ਼ਬਰ ਮਲੇਰਕੋਟਲਾ ਦੇ ਪਿੰਡ ਰਟੋਲਾਂ ਦੀ ਹੋਣਹਾਰ ਧੀ ਰੁਪਿੰਦਰ ਕੌਰ ਕੇਨੈਡਾ 'ਚ ਅਫ਼ਸਰ ਬਣੀ <br/>
Ad Position 24