ਮਲੇਰਕੋਟਲਾ, 6 ਜਨਵਰੀ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਸੂਬੇ ਅੰਦਰ ਸਰਕਾਰ ਤੇ ਖੇਤੀਬਾੜੀ ਵਿਭਾਗ ਵਲੋਂ 'ਫ਼ਸਲੀ ਵਿਭਿੰਨਤਾ' ਦੇ ਨਾਂ ਹੇਠ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਅੰਨ੍ਹੇਵਾਹ ਪੈਸਾ ਖ਼ਰਚ ਕੇ ਹਰ ਵਰ੍ਹੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਝੋਨੇ, ਕਣਕ ਤੋਂ ਇਲਾਵਾ ਬਦਲਵੀਂਆਂ ਫ਼ਸਲਾਂ ਬਿਜਵਾਉਣ ਖਾਤਰ ਪਿੰਡਾਂ ਅੰਦਰ ਕੈਂਪ ਲਗਾ ਕੇ ਕੀਤੇ ਜਾ ਰਹੇ ਧੰੂਆਂਧਾਰ ਪ੍ਰਚਾਰ ਦੇ ਭਾਵੇਂ ਕੋਈ ਖ਼ਾਸ ਨਤੀਜੇ ਅਜੇ ਤੱਕ ਸਾਹਮਣੇ ਆਉਂਦੇ ਵਿਖਾਈ ਨਹੀਂ ਦੇ ਰਹੇ | ਕੁਝ ਕੁ ਕਿਸਾਨਾਂ ਵਲੋਂ ਇਨ੍ਹਾਂ ਕੈਂਪਾਂ ਤੋਂ ਸੇਧ ਲੈ ਕੇ ਜ਼ਰੂਰ ਖੇਤੀ ਸੈਕਟਰ ਦੇ ਅੰਦਰ ਤਬਦੀਲੀਆਂ ਕੀਤੀਆਂ ਗਈਆਂ ਹਨ ਪਰ ਬਹੁਤ ਸਾਰੇ ਸਿਰੜੀ ਤੇ ਦਿ੍ੜ੍ਹ ਇਰਾਦੇ ਦੇ ਕਿਸਾਨਾਂ ਵਲੋਂ ਆਪਣੇ ਆਪ ਫ਼ਸਲੀ ਵਿਭਿੰਨਤਾ ਨੂੰ ਤਰਜ਼ੀਹ ਦਿੰਦਿਆਂ ਆਪਣੇ ਖੇਤਾਂ ਅੰਦਰ ਕਣਕ ਦੀ ਬਜਾਏ, ਸਰੋਂ੍ਹ ਜਾਂ ਹੋਰਨਾਂ ਫ਼ਸਲਾਂ ਦੀ ਬੈੱਡ ਬਣਾ ਕੇ ਬਿਜਾਈ ਕੀਤੀ ਸੀ | ਇਨ੍ਹਾਂ ਕਿਸਾਨਾਂ ਵਲੋਂ ਆਪਣਾ ਪੱਲਾ ਖ਼ਰਚ ਕੇ ਮਹਿੰਗੇ ਮੁੱਲ ਦੇ ਬੀਜ ਪ੍ਰਾਪਤ ਕਰਦਿਆਂ ਇੱਕ ਤਰ੍ਹਾਂ ਨਾਲ ਸੱਟਾ ਖੇਡ ਕੇ ਬਦਲਵੀਂਆਂ ਫ਼ਸਲਾਂ ਦੀ ਬਿਜਾਈ ਕਰ ਕੇ ਲੱਖਾਂ ਰੁਪਏ ਦਾ ਰਿਸਕ ਲਿਆ ਸੀ |ਸਰਕਾਰ ਵਲੋਂ ਸੈਂਕੜੇ ਕੈਂਪ ਲਗਾਉਣ ਦੇ ਬਾਵਜੂਦ ਅਜੇ ਤੱਕ ਇਹ ਗਿਣਤੀ ਕਿਸੇ ਖ਼ਾਸ ਮਰਤਬੇ ਤੱਕ ਨਹੀਂ ਪਹੁੰਚ ਸਕੀ | ਬਦਲਵੀਂ ਫ਼ਸਲ ਦੀ ਪਹਿਲਕਦਮੀ ਕਰਦਿਆਂ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਅੰਦਰ ਸਰੋਂ੍ਹ, ਛੋਲੇ ਜਾਂ ਸਬਜ਼ੀ ਆਦਿ ਦੀ ਕਾਸ਼ਤ ਬੈੱਡਾਂ 'ਤੇ ਕੀਤੀ ਸੀ, ਉਨ੍ਹਾਂ ਅੰਦਰ ਇਸ ਗੱਲ ਦੀ ਖ਼ੁਸ਼ੀ ਜ਼ਰੂਰ ਹੈ ਕਿ ਮੌਸਮ ਠੀਕ ਰਹਿਣ ਕਾਰਨ ਸਰੋਂ੍ਹ ਆਦਿ ਦੀ ਫ਼ਸਲ ਮੌਜੂਦਾ ਸਮੇਂ ਆਪਣੇ ਭਰ ਜੋਬਨ 'ਤੇ ਪਹੁੰਚ ਚੁੱਕੀ ਹੈ | ਕਿਸਾਨਾਂ ਬਿੱਕਰ ਸਿੰਘ, ਭਰਪੂਰ ਸਿੰਘ ਵਾਸੀ ਸਰੌਦ ਤੋਂ ਇਲਾਵਾ ਸੀਨੀਅਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂ ਪਿੰਡ ਰਾਣਵਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਹਾਰਾਸ਼ਟਰ ਤੋਂ ਕਰੀਬ 1 ਹਜ਼ਾਰ ਰੁਪਏ ਕਿਲੋ ਬੀਜ ਲੈ ਕੇ ਲਗਭਗ 120 ਦਿਨਾਂ ਵਿਚ ਪੱਕਣ ਵਾਲੀ ਸਰੋਂ੍ਹ ਦੀ ਫ਼ਸਲ ਦੀ ਬਿਜਾਈ ਕੀਤੀ ਸੀ ਤਾਂ ਕਿ ਫ਼ਸਲੀ ਵਿਭਿੰਨਤਾ ਰਾਹੀਂ ਕੁਝ ਨਵਾਂ ਕੀਤਾ ਜਾ ਸਕੇ ਇਸ ਸਰੋਂ੍ਹ ਦੀ ਫ਼ਸਲ ਦਾ ਝਾੜ ਪ੍ਰਤੀ ਏਕੜ 10 ਕੁਇੰਟਲ ਦੱਸਿਆ ਜਾ ਰਿਹਾ ਹੈ | ਕਿਸਾਨਾਂ ਨੇ ਆਖਿਆ ਕਿ ਜੇਕਰ ਮੌਸਮ ਸਹੀ ਰਿਹਾ ਤਾਂ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਰਾਸ ਆ ਜਾਵੇਗੀ | ਕੀ ਕਹਿਣਾ ਹੈ ਕਿਸਾਨ ਆਗੂਆਂ ਦਾ-ਇਸ ਸਬੰਧੀ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ, ਚੇਅਰਮੈਨ ਪ੍ਰਦੁਮਣ ਸਿੰਘ ਦਲੇਲਗੜ੍ਹ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਅਕਾਲੀ ਆਗੂ ਗੁਰਸ਼ਰਨ ਸਿੰਘ ਸਰਨਾ ਚੱਠਾ, ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ ਤੇ ਨੌਜਵਾਨ ਕਿਸਾਨ ਆਗੂ ਗੁਰਵਿੰਦਰ ਸਿੰਘ ਰਟੌਲ ਨੇ ਕਿਹਾ ਕਿ ਬਿਨਾਂ ਸ਼ੱਕ ਕਿਸਾਨਾਂ ਨੂੰ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ | ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਨ੍ਹਾਂ ਦੀ ਬਣਦੀ ਮਦਦ ਜ਼ਰੂਰ ਕਰੇ |