ਭਵਾਨੀਗੜ੍ਹ, 6 ਜਨਵਰੀ (ਗਰਗ) - ਪਿੰਡ ਰਾਜਪੁਰਾ ਵਿਖੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਰੀਬ 35 ਲੱਖ ਰੁਪਏ ਨਾਲ ਤਿਆਰ ਹੋਣ ਵਾਲੇ ਹੈਲਥ ਤੇ ਵੈਲਨੈਸ ਸੈਂਟਰ ਦੇ ਕੰਮ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ | ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਅਜਿਹੇ ਨਵੇਂ ਹੈਲਥ ਸੈਂਟਰ ਖੁੱਲ੍ਹਣ ਨਾਲ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਸੌਖਾ ਹੋ ਜਾਵੇਗਾ | ਉਹ ਹਲਕੇ ਦੇ ਹੋਰ ਪਿੰਡਾਂ ਵਿਚ ਵੀ ਅਜਿਹੀਆਂ ਹੀ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਮੇਂ-ਸਮੇਂ ਤੇ ਚੱਲਣ ਵਾਲੀਆਂ ਸਰਕਾਰੀ ਹੈਲਥ ਮੁਹਿੰਮਾਂ ਜਿਵੇਂ ਟੀਕਾਕਰਨ, ਐਨੀਮੀਆ ਰੋਕਥਾਮ, ਮਾਤਾ-ਬੱਚਾ ਸਿਹਤ, ਅਤੇ ਬਜ਼ੁਰਗਾਂ ਦੀ ਸਿਹਤ ਸੰਭਾਲ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ | ਪਿੰਡ ਵਾਸੀਆ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਿਹਤ ਕੇਂਦਰ ਪਿੰਡ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ |