ਸੰਗਰੂਰ, 24 ਜਨਵਰੀ (ਦਮਨਜੀਤ ਸਿੰਘ) - ਗਣਤੰਤਰ ਦਿਵਸ ਦੇ ਸਬੰਧ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਦਿਖਾਈ ਦੇ ਰਹੀ ਹੈ | ਪੁਲਿਸ ਵਲੋਂ ਅੱਜ ਐਸ.ਪੀ (ਐਚ) ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਸਥਾਨਕ ਘੰਟਾ ਘਰ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਪੈਦਲ ਫਲੈਗ ਮਾਰਚ ਕੀਤਾ ਗਿਆ ਜਿਸ ਦੌਰਾਨ ਸੈਂਕੜਿਆਂ ਦੀ ਤਾਦਾਦ ਵਿਚ ਪੁਲਿਸ ਮੁਲਾਜ਼ਮ ਮੌਜੂਦ ਰਹੇ | ਐਸ.ਪੀ ਛਿੱਬਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਭਰ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਹਰੇਕ ਸ਼ੱਕੀ ਜਗ੍ਹਾ ਅਤੇ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਉੱਤੇ ਪੁਲਿਸ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਅਮਨ-ਕਾਨੂੰਨ ਦੀ ਸਥਿਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ | ਐਸ.ਪੀ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰਨਾਂ ਭੀੜ ਭਾੜ ਵਾਲੀਆਂ ਜਨਤਕ ਥਾਵਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ | ਇਸ ਮੌਕੇ ਡੀ.ਐਸ.ਪੀ. ਸੁਖਦੇਵ ਸਿੰਘ, ਇੰਸਪੈਕਟਰ ਗੁਲਾਬ ਸਿੰਘ, ਇੰਸਪੈਕਟਰ ਕਰਮਜੀਤ ਸਿੰਘ, ਇੰਸਪੈਕਟਰ ਜੋਗਿੰਦਰ ਸਿੰਘ, ਇੰਸਪੈਕਟਰ ਜਸਵਿੰਦਰ ਕੌਰ, ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਅਤੇ ਟਰੈਫ਼ਿਕ ਇੰਚਾਰਜ ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ |