ਚੀਮਾ ਮੰਡੀ, 24 ਜਨਵਰੀ (ਜਗਰਾਜ ਮਾਨ) - ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ, ਤੋਲਾਵਾਲ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਰਾਜ ਕੌਂਸਲ ਆਫ਼ ਸਾਇੰਸ ਐਂਡ ਐਜੂਕੇਸ਼ਨ ਵਲੋਂ ਨਿਰਦੇਸ਼ਤ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਵਰਮੀਕੰਪੋਸਟਿੰਗ ਅਤੇ ਪੋਸ਼ਣ ਵਿਸ਼ੇ 'ਤੇ ਇੱਕ ਜਾਣਕਾਰੀ ਭਰਪੂਰ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਸੰਗਰੂਰ ਤੋਂ ਪਧਾਰੇ ਰਿਸੋਰਸ ਪਰਸਨਜ਼ ਡਾ. ਵਟੀਸਟਾ ਅਤੇ ਡਾ ਰੁਕਿੰਦਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਰਗ ਦਰਸ਼ਨ ਦਿੱਤਾ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਇੱਕੋ ਕਲੱਬ ਨੋਡਲ ਅਧਿਆਪਕਾ ਜਸਪ੍ਰੀਤ ਕੌਰ ਵਲੋਂ ਸਵਾਗਤੀ ਸੰਬੋਧਨ ਨਾਲ ਹੋਈ | ਇਸ ਉਪਰੰਤ ਮਾਣਯੋਗ ਬਲਾਕ ਨੋਡਲ ਅਫ਼ਸਰ ਅਤੇ ਸਕੂਲ ਮੁਖੀ ਸ੍ਰੀਮਤੀ ਮਨਦੀਪ ਕੌਰ ਨੇ ਆਪਣੇ ਸੰਬੋਧਨ ਵਿਚ ਵਾਤਾਵਰਨ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਰਿਸੋਰਸ ਪਰਸਨਜ਼ ਨੇ ਵਰਮੀਕੰਪੋਸਟਿੰਗ ਰਾਹੀਂ ਜੈਵਿਕ ਕੂੜੇ-ਕਰਕਟ ਨੂੰ ਉਪਯੋਗੀ ਖਾਦ ਵਿਚ ਬਦਲਣ ਦੇ ਤਰੀਕੇ ਸਮਝਾਏ | ਇਸ ਮੌਕੇ ਉਨ੍ਹਾਂ ਵਲੋਂ ਵਰਮੀਕੰਪੋਸਟਿੰਗ ਦੀ ਲਾਈਵ ਡੈਮੋਨਸਟਰੇਸ਼ਨ ਵੀ ਦਿੱਤੀ ਗਈ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰਯੋਗਿਕ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੂੰ ਘਰੇਲੂ ਤੇ ਸਕੂਲੀ ਪੱਧਰ 'ਤੇ ਇਸ ਪ੍ਰਕਿਰਿਆ ਨੂੰ ਅਪਣਾਉਣ ਲਈ ਪ੍ਰੇਰਨਾ ਮਿਲੀ | ਇਸ ਦੇ ਨਾਲ ਹੀ ਪੋਸ਼ਣ ਸੰਬੰਧੀ ਸੈਸ਼ਨ ਵਿਚ ਸੰਤੁਲਿਤ ਆਹਾਰ ਦੀ ਲੋੜ ਅਤੇ ਸਿਹਤ 'ਤੇ ਇਸ ਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਰੁਚੀ ਨਾਲ ਭਾਗ ਲਿਆ ਅਤੇ ਪ੍ਰਸ਼ਨ-ਉੱਤਰ ਸੈਸ਼ਨ ਰਾਹੀਂ ਆਪਣੀਆਂ ਜਿਗਿਆਸਾਵਾਂ ਦਾ ਨਿਵਾਰਨ ਕੀਤਾ | ਅੰਤ ਵਿਚ ਰਿਸੋਰਸ ਪਰਸਨਜ਼ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਪ੍ਰਗਟ ਕੀਤਾ ਗਿਆ | ਇਸ ਮੌਕੇ ਸਕੂਲ ਅਧਿਆਪਕ ਸ੍ਰੀਮਤੀ ਗੁਰਮੀਤ ਕੌਰ, ਜਸਵਿੰਦਰ ਕੌਰ, ਸੰਜੀਵ ਕੁਮਾਰ, ਹਰਦੀਪ ਕੌਰ, ਜਸਪ੍ਰੀਤ ਕੌਰ ਅਤੇ ਤਰਸੇਮ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ |