ਸੰਗਰੂਰ, 28 ਜਨਵਰੀ (ਧੀਰਜ ਪਸ਼ੌਰੀਆ) - ਸਿੱਖਿਆ ਵਿਭਾਗ ਪੰਜਾਬ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਕਰਨ ਲਈ ਪੱਬਾਂ ਭਾਰ ਹੋ ਗਿਆ ਹੈ | ਇਸ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਵਧਾਉਣ ਲਈ ਮੋਬਾਈਲ ਵੈਨ ਸ਼ੁਰੂ ਕੀਤੀ ਗਈ | ਸਿੱਖਿਆ ਮੰਤਰੀ ਪੰਜਾਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਮੋਬਾਈਲ ਵੈਨ ਨੂੰ ਰਵਾਨਾ ਕਰਨ ਲਈ ਸੰਗਰੂਰ ਦੇ ਸ਼੍ਰੀ ਮਦਨ ਸਿੰਘ ਕਪੂਰ ਪੀ.ਐੱਮ. ਸ਼੍ਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸੰਗਰੂਰ ਵਿਖੇ ਇੱਕ ਸਮਾਗਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਗਰੂਰ ਸ੍ਰੀਮਤੀ ਤਰਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਗਰੂਰ ਸ੍ਰੀਮਤੀ ਮਨਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਗਰੂਰ ਸ੍ਰੀਮਤੀ ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਗਰੂਰ ਸ੍ਰੀਮਤੀ ਰਵਿੰਦਰ ਕੌਰ ਛੱਤਵਾਲ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਸਮਾਗਮ ਵਿਚ ਵਿਚ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸਾਹਿਬ ਸ੍ਰੀ ਰਾਹੁਲ ਛਾਬਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਕੇ ਇਸ ਮੋਬਾਈਲ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਸ ਉਪਰੰਤ ਉਨ੍ਹਾਂ ਸਮਾਗਮ ਵਿਚ ਸ਼ਾਮਲ ਹੋਏ ਕਮੇਟੀ ਮੈਂਬਰਾਂ, ਅਧਿਆਪਕਾਂ ਅਤੇ ਬੱਚਿਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ | ਸ੍ਰੀ ਰਾਹੁਲ ਛਾਬਾ ਜੀ ਨੇ ਬੱਚਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਦੀ ਕਦਰ ਕਰਨ ਅਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੰਦੇਸ਼ ਦਿੱਤਾ | ਉਨ੍ਹਾਂ ਨੇ ਦਾਖ਼ਲੇ ਸਬੰਧੀ ਪੋਸਟਰ ਨੂੰ ਵੀ ਰਿਲੀਜ਼ ਕੀਤਾ ਗਿਆ | ਅੰਤ ਵਿਚ ਮੈਡਮ ਰਵਿੰਦਰ ਕੌਰ ਛੱਤਵਾਲ ਜੀ ਵਲੋਂ ਡਿਪਟੀ ਕਮਿਸ਼ਨਰ ਸਾਹਿਬ ਜੀ ਦਾ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ | ਇਸ ਸਮਾਗਮ ਵਿਚ ਬੀ.ਪੀ.ਈ.ਓ, ਬੀ.ਐੱਨ.ਓ ਸਾਹਿਬਾਨ ਅਤੇ ਸੀ.ਐੱਚ.ਟੀ. ਸਾਹਿਬਾਨ ਵੀ ਸ਼ਾਮਿਲ ਸਨ |