ਧੂਰੀ, 28 ਜਨਵਰੀ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਅੰਦਰਲੇ ਰੇਲਵੇ ਫਾਟਕਾਂ 'ਤੇ ਬਣਨ ਵਾਲੇ ਰੇਲਵੇ ਓਵਰ ਬਰਿੱਜ ਦੇ ਮੁੱਦੇ ਨੂੰ ਲੈ ਕੇ ਪਿਛਲੀ 25 ਜਨਵਰੀ ਤੋਂ ਭਾਜਪਾ ਆਗੂ ਜਸਵਿੰਦਰ ਸਿੰਘ ਰਿਖੀ ਵਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਨੂੰ ਅੱਜ ਭਾਜਪਾ ਦੇ ਸੀਨੀਅਰ ਆਗੂ ਪ੍ਰੋ: ਓਾਕਾਰ ਸਿੰਘ ਸਿੱਧੂ ਨੇ ਰੇਲਵੇ ਰਾਜ-ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਵੀਡੀਓ ਕਾਲ ਕਰਵਾ ਕੇ ਮੁਲਤਵੀ ਕਰਵਾਇਆ | ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋ ਰਾਜਨੀਤੀ ਕਰਦਿਆਂ ਦੋਰਾਹੇ ਵਾਲੇ ਪੁਲ ਦੀ ਐਨ.ਓ.ਸੀ. ਨਹੀ ਦਿੱਤੀ ਜਾ ਰਹੀ ਸੀ ਜਿਸ ਕਰਕੇ ਧੂਰੀ ਵਾਲੇ ਓਵਰਬਿ੍ਜ ਦਾ ਕੰਮ ਰੁਕਿਆ ਹੋਇਆ ਸੀ ਪਰ ਹੁਣ ਦੋਰਾਹੇ ਵਾਲੇ ਪੁਲ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਲਈ ਹੁਣ ਧੂਰੀ ਵਾਲੇ ਓਵਰਬਿ੍ਜ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਰਿਖੀ ਅਤੇ ਹੋਰ ਸਮਾਜਿਕ ਜਥੇਬੰਦੀਆਂ ਵਲੋ ਧੂਰੀ ਦੇ ਲੋਕਾਂ ਦੀ ਮੁੱਖ ਮੰਗ ਨੂੰ ਹੱਲ ਕਰਵਾਉਣ ਲਈ ਇੰਨੀਂ ਜ਼ਿਆਦਾ ਠੰਡ ਦੇ ਬਾਵਜੂਦ ਲਗਾਤਾਰ ਭੁੱਖ ਹੜਤਾਲ ਕੀਤੀ ਗਈ ਇਸ ਲਈ ਉਹ ਜਸਵਿੰਦਰ ਸਿੰਘ ਰਿਖੀ ਅਤੇ ਰੇਲਵੇ ਪੁਲ ਐਕਸ਼ਨ ਕਮੇਟੀ ਦੇ ਜਜ਼ਬੇ ਦੀ ਕਦਰ ਕਰਦੇ ਹਨ | ਇਸ ਮੌਕੇ ਜਸਵਿੰਦਰ ਸਿੰਘ ਰਿਖੀ ਨੇ ਭੁੱਖ ਹੜਤਾਲ ਮੁਲਤਵੀ ਕਰਦਿਆਂ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੂਰੀ ਨੂੰ ਦੋ ਭਾਗਾਂ ਵਿਚ ਵੱਡਣ ਵਾਲੇ ਰੇਲਵੇ ਫਾਟਕਾਂ ਦੇ ਉੱਪਰ ਬਣਨ ਵਾਲੇ ਓਵਰਬਿ੍ਜ ਦੀ ਮਨਜ਼ੂਰੀ ਦੇ ਕੇ ਧੂਰੀ ਦੇ ਲੋਕਾਂ ਦੀ ਬਹੁਤ ਪੁਰਾਣੀ ਅਤੇ ਸਭ ਤੋ ਵੱਡੀ ਸਮੱਸਿਆ ਦਾ ਹੱਲ ਕਰਕੇ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ | ਉਨ੍ਹਾਂ ਧੂਰੀ ਰੇਲਵੇ ਪੁਲ ਐਕਸ਼ਨ ਕਮੇਟੀ ਅਤੇ ਹੋਰ ਸਾਰੀਆਂ ਸੰਸਥਾਵਾਂ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਵਿਚ ਸ਼ਹਿਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ | ਇਸ ਮੌਕੇ ਰੇਲਵੇ ਪੁਲ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੁਲ ਬਣਨ ਤੱਕ ਇਹ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਫਾਟਕ ਪੁਲ ਐਕਸ਼ਨ ਸੰਘਰਸ਼ ਕਮੇਟੀ ਦੇ ਮੈਂਬਰ ਲਖਵੀਰ ਸਿੰਘ ਧਾਂਦਰਾ, ਵਿੱਕੀ ਪਰੋਚਾ ਧੂਰੀ, ਹੈਪੀ ਖੀਪਲ, ਗੁਰੀ ਮਾਨ, ਵਿਨੋਦ ਵਰਮਾ, ਭੁਪੇਸ਼ ਜਿੰਦਲ, ਜਗਦੀਸ ਸ਼ਰਮਾ, ਸੱਤਪਾਲ ਵਰਮਾ, ਅਵਤਾਰ ਸਿੰਘ, ਰਵਿੰਦਰ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ |