ਸੰਗਰੂਰ, 28 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਭਵਨ ਸਰੀ (ਕੈਨੇਡਾ) ਵਲੋਂ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਦੇ ਤਹਿਤ ਭਾਰਤ ਦੇ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ 'ਬਾਲ ਕਵੀ ਦਰਬਾਰ' ਕੀਤਾ ਗਿਆ | ਇਸ ਆਨਲਾਈਨ ਸਮਾਗਮ ਵਿਚ ਪੰਜਾਬ ਅਤੇ ਰਾਜਸਥਾਨ ਤੋਂ 25 ਬਾਲ ਸਾਹਿਤਕਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਕਾਵਿ-ਕਲਾ ਦੇ ਜੌਹਰ ਦਿਖਾਏ | ਸੰਵਿਧਾਨ ਅਤੇ ਦੇਸ਼ ਭਗਤੀ ਦੇ ਰੰਗ ਸਮਾਗਮ ਦੌਰਾਨ ਨਿੱਕੇ-ਨਿੱਕੇ ਕਵੀਆਂ ਨੇ ਭਾਰਤੀ ਸੰਵਿਧਾਨ ਦੀ ਮਹੱਤਤਾ, ਲੋਕਤੰਤਰ ਦੇ ਮੁੱਲਾਂ ਅਤੇ ਦੇਸ਼ ਭਗਤੀ 'ਤੇ ਆਧਾਰਿਤ ਬਹੁਤ ਹੀ ਖ਼ੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ | ਬੱਚਿਆਂ ਦੀ ਪੇਸ਼ਕਾਰੀ ਨੇ ਇਹ ਸਾਬਤ ਕੀਤਾ ਕਿ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਅਤੇ ਇਤਿਹਾਸ ਨਾਲ ਡੂੰਘੀ ਜੁੜੀ ਹੋਈ ਹੈ | ਸ੍ਰੀ ਸੁੱਖੀ ਬਾਠ (ਸੰਸਥਾਪਕ, ਪੰਜਾਬ ਭਵਨ ਸਰੀ) ਨੇ ਆਪਣੇ ਸੰਦੇਸ਼ ਵਿਚ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ, ਸਾਡਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲ ਜੋੜਨਾ ਹੈ | ਅੱਜ ਦੇ ਬਾਲ ਕਵੀ ਭਵਿੱਖ ਦੇ ਵੱਡੇ ਸਾਹਿਤਕਾਰ ਹਨ ਅਤੇ ਪੰਜਾਬ ਭਵਨ ਹਮੇਸ਼ਾ ਇਹਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਤਤਪਰ ਰਹੇਗਾ | ਬਲਜਿੰਦਰ ਮਾਨ (ਮੁੱਖ ਮਹਿਮਾਨ ਤੇ ਸ਼੍ਰੋਮਣੀ ਬਾਲ ਸਾਹਿਤਕਾਰ)ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਬਾਲ ਸਾਹਿਤ ਕਿਸੇ ਵੀ ਸਮਾਜ ਦੀ ਨੀਂਹ ਹੁੰਦਾ ਹੈ | ਉਨ੍ਹਾਂ ਬੱਚਿਆਂ ਨੂੰ ਲਗਾਤਾਰ ਪੜ੍ਹਨ ਅਤੇ ਲਿਖਣ ਦੀ ਪ੍ਰੇਰਨਾ ਦਿੱਤੀ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਓਾਕਾਰ ਸਿੰਘ ਤੇਜੇ (ਪ੍ਰੋਜੈਕਟ ਇੰਚਾਰਜ) ਨੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ, ਜਿਨ੍ਹਾਂ ਦੀ ਦੇਖ-ਰੇਖ ਹੇਠ ਇਹ ਉਪਰਾਲਾ ਸਿਰੇ ਚੜਿਆ | ਸਮਾਗਮ ਦੇ ਅਖੀਰ ਵਿਚ ਮੈਡਮ ਸਤਿੰਦਰ ਕੌਰ ਕਾਹਲੋਂ ਵਲੋਂ ਸਾਰੇ ਆਏ ਹੋਏ ਮਹਿਮਾਨਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਕਾਂਗੜ, ਬਲਜੀਤ ਸ਼ਰਮਾ ਅਤੇ ਭੀਮ ਸਿੰਘ ਨੇ ਵੀ ਪ੍ਰੋਗਰਾਮ ਦੇ ਪ੍ਰਬੰਧਨ ਅਤੇ ਸੰਚਾਲਨ ਵਿਚ ਅਹਿਮ ਭੂਮਿਕਾ ਨਿਭਾਈ | ਇਹ ਸਮਾਗਮ ਯਾਦਗਾਰੀ ਹੋ ਨਿਬੜਿਆ |