ਅਹਿਮਦਗੜ੍ਹ/ਕੁੱਪ ਕਲਾਂ, 28 ਜਨਵਰੀ (ਸੁਖਜੀਤ ਸਿੰਘ ਖੇੜਾ, ਸੁਖਜਿੰਦਰ ਸਿੰਘ ਝੱਲ) - ਕੁੱਪ ਰੋਹੀੜਾ ਵੱਡਾ ਘੱਲੂਘਾਰਾ ਦੇ 35000 ਸ਼ਹੀਦ ਸਿੰਘ ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਰੋਹੀੜਾ ਵਿਖੇ ਮਿਤੀ 3 ਫਰਵਰੀ 2026 ਤੋਂ ਮਿਤੀ 5 ਫਰਵਰੀ 2026 ਤੱਕ ਸ਼ਹੀਦੀ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲੇ ਅਤੇ ਬਾਬਾ ਕਿ੍ਪਾਲ ਸਿੰਘ ਕਾਰ ਸੇਵਾ ਭਵਾਨੀਗੜ੍ਹ ਵਾਲਿਆਂ ਨੇ ਦੱਸਿਆ ਕਿ ਮਿਤੀ 3 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 8:30 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ | ਮਿਤੀ 4 ਫਰਵਰੀ ਦਿਨ ਬੁੱਧਵਾਰ ਨੂੰ ਮਹਾਨ ਗੁਰਮਤਿ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਥਾ ਵਾਚਕ ਭਾਈ ਅਵਤਾਰ ਸਿੰਘ, ਇੰਟਰਨੈਸ਼ਨਲ ਕਵੀਸ਼ਰੀ ਜੱਥਾ ਗਿਆਨੀ ਪਰਮਿੰਦਰ ਸਿੰਘ ਅਮੋਲਕ ਅਤੇ ਗੁਰੂ ਨਾਨਕ ਸੇਵਕ ਕੀਰਤਨੀ ਜੱਥਾ ਅਹਿਮਦਗੜ੍ਹ ਵਾਲੇ ਹਾਜ਼ਰੀ ਭਰਨਗੇ | ਮਿਤੀ 5 ਫਰਵਰੀ 2026 ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਇਸ ਉਪਰੰਤ ਗੁਰਦੁਆਰਾ ਈਸਰ ਪ੍ਰਕਾਸ਼ ਬੇਗੋਵਾਲ ਵਾਲਿਆਂ ਦਾ ਜੱਥਾ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ | ਕਥਾ ਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਅਤੇ ਇੰਟਰਨੈਸ਼ਨਲ ਢਾਡੀ ਜੱਥਾ ਗਿਆਨੀ ਤਿਰਲੋਚਨ ਸਿੰਘ ਭੁਮੱਦੀ ਤੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਕਥਾ ਵਿਖਿਆਨ ਤੋਂ ਬਾਅਦ ਸਮਾਪਤੀ ਕਰਨਗੇ | ਇਸ ਤੋਂ ਇਲਾਵਾ ਰੈਣ ਸਬਾਈ ਨਿਰਵਾਣ ਕੀਰਤਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਜਾਵੇਗਾ | ਉਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਜੋੜ ਮੇਲੇ ਵਿਚ ਵੱਧ ਵੱਧ ਹਾਜ਼ਰੀ ਭਰ ਕੇ ਗੁਰਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ |