ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਧਾਲੀਵਾਲ, ਭੁੱਲਰ) - ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਕੇਨਰਾ ਅਤੇ ਪੰਜਾਬ ਨੈਸ਼ਨਲ ਬੈਂਕ ਆਦਿ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੀ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨਾਈਟਿਡ (ਯ.ਐਫ.ਬੀ.ਯੂ) ਅਤੇ ਆਲ ਇੰਡੀਆ ਬੈਂਕ ਅਫ਼ਸਰਜ ਕਨਫੈਡਰੇਸ਼ਨ (ਏ.ਆਈ.ਬੀ.ਓ.ਸੀ) ਦੇ ਸੱਦੇ 'ਤੇ ਅੱਜ ਹੜਤਾਲ 'ਤੇ ਜਾਣ ਕਾਰਨ ਸਰਕਾਰੀ ਬੈਂਕ ਬੰਦ ਰਹੇ | ਜਿਸ ਕਾਰਨ ਜਿੱਥੇ ਬੈਂਕ ਜਰੀਏ ਆਪਣਾ ਲੈਣ-ਦੇਣ ਕਰਨ ਲਈ ਆਏ ਲੋਕ ਖੱਜਲ-ਖੁਵਾਰ ਹੁੰਦੇ ਰਹੇ ਉੱਥੇ ਹੀ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਜੋਨ ਸਕੱਤਰ ਕਾਮਰੇਡ ਵਿੱਕੀ ਅਬਦਾਲ ਨੇ ਹੜਤਾਲ ਕਾਰਨ ਪ੍ਰੇਸ਼ਾਨ ਹੋ ਰਹੇ ਬੈਂਕ ਗਾਹਕਾਂ ਕੋਲੋਂ ਮਾਫੀ ਮੰਗਦਿਆਂ ਕਿਹਾ ਕਿ ਆਮ ਲੋਕਾਂ ਨੂੰ ਦਿੱਕਤ ਦੇਣਾ ਉਨ੍ਹਾਂ ਦਾ ਮਕਸਦ ਨਹੀ ਬਲਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਹੜਤਾਲ ਕਰਨ ਲਈ ਮਜਬੂਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਬੈਂਕ ਕਰਮਚਾਰੀ ਕੇਂਦਰ ਸਰਕਾਰ ਵਲੋਂ ਬੈਂਕਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਉੱਥੇ ਹੀ 5 ਦਿਨਾ ਬੈਂਕਿੰਗ ਭਾਵ ਹਰ ਸਨਿੱਚਰਵਾਰ ਨੂੰ ਛੁੱਟੀ ਦੀ ਮੰਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 5 ਦਿਨਾ ਬੈਂਕਿੰਗ ਦੇ ਪ੍ਰਸਤਾਵ ਨੂੰ ਲੈ ਕੇ ਸਰਕਾਰ ਨਾਲ ਬੈਂਕ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਚੱਲ ਰਹੀ ਰਹੀ ਸੀ ਪਰ ਸਰਕਾਰ ਵਲੋਂ ਇਹ ਪ੍ਰਸਤਾਵ ਠੁਕਰਾ ਦਿੱਤਾ ਗਿਆ | ਜਿਸ ਕਾਰਨ ਉਨ੍ਹਾਂ ਨੂੰ ਹੜਤਾਲ ਲਈ ਮਜਬੂਰ ਹੋਣਾ ਪਿਆ |