ਮਲੇਰਕੋਟਲਾ, 30 ਜਨਵਰੀ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਕਰੀਬ 1 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵਲੋਂ ਉਦਘਾਟਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਵਾਰਡ ਨੰਬਰ 19 ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਦਿਆਂ ਕਰੀਬ 65 ਲੱਖ ਰੁਪਏ ਦੀ ਲਾਗਤ ਨਾਲ ਨਵਾਬ ਦੇ ਬਾਗ਼ ਤੋਂ ਮੁਲਤਾਨੀ ਚੌਂਕ ਤੇ ਮੁਬਾਰਕ ਮਸਜਿਦ ਤੱਕ ਬਣਾਈ ਜਾਣ ਵਾਲੀ ਸੜਕ ਅਗਲੇ ਕੁਝ ਸਮੇਂ ਨੂੰ ਤਿਆਰ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਸਰੌਦ ਰੋਡ ਚੁੰਗੀ ਤੋਂ ਲੈ ਕੇ ਕੁੜੀਆਂ ਦੇ ਅਰਬੀ ਮਦਰਸੇ ਤੱਕ ਆਰ.ਐਮ.ਸੀ. ਸੀਮੈਂਟ ਦਾ ਫ਼ਰਸ਼ ਲਗਾਉਣ ਦਾ ਕੰਮ 73 ਲੱਖ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਹੈ | ਹਲਕਾ ਵਿਧਾਇਕ ਨੇ ਆਖਿਆ ਕਿ ਇਹ ਸੜਕ ਇਲਾਕੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ, ਜਿਸ ਦੇ ਪੂਰਾ ਹੋਣ ਨਾਲ ਹਜ਼ਾਰਾਂ ਵਾਸੀਆਂ ਨੂੰ ਫ਼ਾਇਦਾ ਹੋਵੇਗਾ | ਵਾਰਡ ਇੰਚਾਰਜ ਗੁਰਮੀਤ ਸਿੰਘ ਚਹਿਲ ਤੇ ਕੇਵਲ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਮਲੇਰਕੋਟਲਾ ਵਲੋਂ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਨਾਲ ਆਮ ਲੋਕਾਂ ਨੂੰ ਟਰੈਫ਼ਿਕ ਜਾਮ ਤੋਂ ਨਿਜਾਤ ਮਿਲੇਗੀ | ਦੂਜੀ ਸੜਕ ਦੇ ਉਦਘਾਟਨ ਸਮੇਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਖਿਆ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਤੇ ਸ਼ਹਿਰੀ ਖੇਤਰਾਂ ਵਿਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਰੂਰੀ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਹੋਰ ਵੀ ਵਿਕਾਸ ਯੋਜਨਾਵਾਂ ਜਲਦ ਸ਼ੁਰੂ ਕੀਤੀਆਂ ਜਾਣਗੀਆਂ | ਇਸ ਮੌਕੇ ਵਿਧਾਇਕ ਰਹਿਮਾਨ ਦੀ ਧਰਮ ਪਤਨੀ ਬੀਬਾ ਫਰਿਆਲ ਰਹਿਮਾਨ, ਪੁੱਤਰ ਮੂਨਿਸ਼ ਰਹਿਮਾਨ, ਪੀ.ਏ. ਗੁਰਮੁਖ ਸਿੰਘ ਸਰਪੰਚ ਪਿੰਡ ਖਾਨਪੁਰ, ਚੇਅਰਮੈਨ ਜਾਫ਼ਰ ਅਲੀ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਅਬਦੁਲ ਹਲੀਮ ਮਿਲਕੋਵੈਲ, ਐੱਮ.ਸੀ. ਇਕਬਾਲ ਫ਼ੌਜੀ, ਜਾਲਾ ਐਮ.ਸੀ., ਸਲੀਮ ਆੜ੍ਹਤੀਆ, ਇੰਦਰਪਾਲ ਸਿੰਘ, ਨਾਹਰ ਸਿੰਘ, ਕੇਵਲ ਡਾਕਟਰ, ਪ੍ਰਧਾਨ ਅਬਦਲ ਸ਼ਕੂਰ ਕਿਲ੍ਹਾ, ਅਸ਼ਰਫ ਅਬਦੁੱਲਾ ਪ੍ਰਧਾਨ, ਅਮਿਤ ਕੁਮਾਰ, ਬਾਬੂ ਟੇਲਰ, ਹਰਜੀਤ ਸਿੰਘ, ਬੀਬਾ ਪ੍ਰਵੀਨ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |