ਮਲੇਰਕੋਟਲਾ, 31 ਜਨਵਰੀ (ਮਨਜਿੰਦਰ ਸਿੰਘ ਸਰੌਦ) - ਸੂਬਾ ਸਰਕਾਰ ਵਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾਉਣ ਦੇ ਲਈ ਕਰੀਬ 111 ਕਰੋੜ ਰੁਪਏ ਦੀ ਲਾਗਤ ਨਾਲ ਹਰ ਖੇਤ ਅੰਦਰ ਨਹਿਰੀ ਪਾਣੀ ਪਹੁੰਚਦਾ ਕਰਨ ਦੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ | ਉੱਧਰ ਦੂਜੇ ਪਾਸੇ ਜ਼ਿਲ੍ਹਾ ਮਲੇਰਕੋਟਲਾ ਤੋਂ ਇਲਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੇ ਧੂਰੀ ਦੇ ਕਿਸਾਨਾਂ ਲਈ ਨਿਆਮਤ ਦਾ ਰੂਪ ਮੰਨੀ ਜਾ ਰਹੀ ਨਵੀਂ ਮਿੰਨੀ ਨਹਿਰ ਮਲੇਰਕੋਟਲਾ ਬਰਾਂਚ ਲਈ ਐਕਵਾਇਰ ਕੀਤੀ ਜ਼ਮੀਨ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦੀ ਮੰਗ ਕਰਦਿਆਂ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਤੇ ਵਿੱਤ ਸਕੱਤਰ ਸੁਖਵਿੰਦਰ ਸਿੰਘ ਚੂੰਘਾ ਨੇ ਆਖਿਆ ਕਿ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਕਰੀਬ ਚਾਰ ਵਰ੍ਹੇ ਪਹਿਲਾਂ ਇਲਾਕੇ ਦੇ 63 ਪਿੰਡਾਂ ਅੰਦਰ ਪੈਦਲ ਮਾਰਚ ਕਰਕੇ ਸ਼ੁਰੂ ਕੀਤੇ ਕੀਤੇ ਸੰਘਰਸ਼ ਦੀ ਬਦੌਲਤ 3 ਰਜਵਾਹੇ ਬਠਿੰਡਾ ਬਰਾਂਚ ਵਿਚੋਂ ਤਿਆਰ ਕਰਵਾਏ ਗਏ | ਉਸ ਤੋਂ ਬਾਅਦ ਨਵੀਂ ਮਿੰਨੀ ਨਹਿਰ ਮਲੇਰਕੋਟਲਾ ਬਰਾਂਚ ਬਣਾਉਣ ਦੀ ਮਨਜ਼ੂਰੀ ਮਿਲੀ | ਜਿਸ ਲਈ ਕਿਸਾਨਾਂ ਦੀ ਬਣਦੀ ਜ਼ਮੀਨ ਵੀ ਐਕਵਾਇਰ ਹੋ ਚੁੱਕੀ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਇਸ ਸਬੰਧੀ ਮਿਲਣ ਵਾਲੀ ਰਾਸ਼ੀ ਲਈ ਅਵਾਰਡ ਵੀ ਬਣਾ ਕੇ ਸੰਬੰਧਿਤ ਅਧਿਕਾਰੀਆਂ ਵਲੋਂ ਸਰਕਾਰ ਕੋਲ ਭੇਜ ਦਿੱਤੇ ਗਏ ਹਨ, ਇਸ ਲਈ ਸਰਕਾਰ ਵਲੋਂ ਹੁਣ ਕਿਸਾਨਾਂ ਨੂੰ ਜ਼ਮੀਨ ਦੀ ਬਣਦੀ ਰਾਸ਼ੀ ਦੇ ਕੇ ਕੰਮ ਸ਼ੁਰੂ ਕੀਤਾ ਜਾਵੇ | ਕਿਸਾਨ ਆਗੂਆਂ ਨੇ ਦੱਸਿਆ ਕਿ 4 ਵਿਧਾਨ ਸਭਾ ਹਲਕਿਆਂ ਮਲੇਰਕੋਟਲਾ, ਅਮਰਗੜ੍ਹ, ਮਹਿਲ ਕਲਾਂ ਤੇ ਧੂਰੀ ਅੰਦਰ ਪੈਂਦੀ ਇਸ ਮਿੰਨੀ ਨਹਿਰ ਦੇ ਚਾਲੂ ਹੋਣ ਨਾਲ ਸੰਬੰਧਿਤ ਹਲਕਿਆਂ ਦੇ 45 ਪਿੰਡਾਂ ਦੇ 55 ਹਜ਼ਾਰ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਸਕੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੇ ਚੱਲਦਿਆਂ ਚੰਗਾ ਹੋਵੇ ਜੇਕਰ ਸਰਕਾਰ ਵਲੋਂ ਇਸ 'ਮਹਾਂ ਪ੍ਰੋਜੈਕਟ' ਨੂੰ ਜਲਦੀ ਤਿਆਰ ਕਰਕੇ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ | ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾ ਕੇ ਇਸ ਦਾ ਕੰਮ ਤੁਰੰਤ ਚਾਲੂ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਨਸੀਬ ਹੋ ਸਕੇ | ਇਸ ਮੌਕੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਚੂੰਘਾ ਵਿੱਤ ਸਕੱਤਰ, ਸਾਬਕਾ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਹਰਜੀਤ ਸਿੰਘ ਬਦੇਸਾ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਸਰਪੰਚ ਸੁਖਵਿੰਦਰ ਸਿੰਘ ਹਥੋਆ, ਮੱਘਰ ਸਿੰਘ ਭੂਦਨ, ਜਗਤਾਰ ਸਿੰਘ ਘਨੌਰ ਹਾਜ਼ਰ ਸਨ |