ਮਲੇਰਕੋਟਲਾ, 1 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਮਲੇਰਕੋਟਲਾ ਡਾਕਟਰ ਮਾਨਵਜੀਤ ਸਿੰਘ ਸਿੱਧੂ ਵਲੋਂ ਲੰਘੀ ਦੇਰ ਰਾਤ ਕਾਲਜ ਚੌਂਕ ਮਲੇਰਕੋਟਲਾ ਵਿਖੇ ਆਪਣੀ ਪੁਲਿਸ ਟੀਮ ਸਮੇਤ ਵਿਸ਼ੇਸ਼ ਨਾਕਾਬੰਦੀ ਕੀਤੀ ਗਈ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨਾਕਾਬੰਦੀ ਦੌਰਾਨ ਆਵਾਜਾਈ ਦੀ ਜਾਂਚ, ਸ਼ੱਕੀ ਵਾਹਨਾਂ ਦੀ ਤਲਾਸ਼ੀ, ਸ਼ਰਾਰਤੀ ਅਨਸਰਾਂ, ਨਸ਼ਾ ਤਸਕਰਾਂ, ਗੈਂਗਸਟਰਾਂ, ਭਗੌੜਿਆਂ ਖਿਲਾਫ਼ ਕਾਰਵਾਈ ਅਮਲ ਵਿਚ ਲਿਆਉਣਾ ਹੈ ਤਾਂ ਜੋ ਜਨਤਾ ਨਾਲ ਸੰਪਰਕ ਕਰ ਕੇ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਪੁਲਿਸ ਵਲੋਂ ਪੰਜਾਬ ਦੇ ਇਕ ਲੱਖ ਨੌਜਵਾਨਾਂ ਨੂੰ ਕਤਲ ਕਰਨ ਦੀਆਂ ਵਾਇਰਲ ਹੋ ਰਹੀਆਂ ਝੂਠੀਆਂ ਤੇ ਬੇਬੁਨਿਆਦ ਖ਼ਬਰਾਂ ਬਾਰੇ ਕਿਹਾ ਕਿ ਇਹਨਾਂ ਖ਼ਬਰਾਂ ਵਿਚ ਕੋਈ ਸੱਚਾਈ ਨਹੀਂ ਹੈ | ਉਨ੍ਹਾਂ ਫ਼ੇਕ ਨਿਊਜ਼ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਅਜਿਹੇ ਲੋਕਾਂ ਖ਼ਿਲਾਫ਼ ਮਲੇਰਕੋਟਲਾ ਪੁਲਿਸ ਕਾਨੂੰਨ ਮੁਤਾਬਕ ਸਖਤ ਕਾਰਵਾਈ ਅਮਲ ਵਿਚ ਲਿਆਵੇਗੀ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਫ਼ੇਕ ਖ਼ਬਰਾਂ 'ਤੇ ਬਿਲਕੁਲ ਵੀ ਧਿਆਨ ਨਾਂ ਦੇਣ, ਇਹਨਾਂ ਵਿਚ ਕੋਈ ਵੀ ਸੱਚਾਈ ਨਹੀਂ ਹੈ | ਇਸ ਮੌਕੇ ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਕਰਮੀ ਮੌਜੂਦ ਸਨ |