ਮਲੇਰਕੋਟਲਾ, 1 ਫਰਵਰੀ (ਮਨਜਿੰਦਰ ਸਿੰਘ ਸਰੌਦ) - ਰਿਆਸਤੀ ਸ਼ਹਿਰ ਮਲੇਰਕੋਟਲਾ ਵਿਖੇ 13 ਫਰਵਰੀ ਤੋਂ 15 ਫ਼ਰਵਰੀ ਤੱਕ ਕਰਵਾਏ ਜਾਣ ਵਾਲੇ ਤਿੰਨ ਰੋਜ਼ਾ ਸੂਫ਼ੀ ਫ਼ੈਸਟੀਵਲ ਤੇ ਪੰਜਾਬ ਸਖੀ ਸ਼ਕਤੀ ਮੇਲਾ ਦੀ ਯੋਜਨਾ ਉਲੀਕਣ ਲਈ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਿੰਪੀ ਗਰਗ, ਐਸ.ਡੀ.ਐਮ. ਮਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਸਣੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ | ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਹੋਣ ਵਾਲੇ ਇਸ ਸਮਾਗਮ ਸਬੰਧੀ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਹ ਦੋਵੇਂ ਸਮਾਗਮ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਪੇਂਡੂ ਵਿਕਾਸ ਤੇ ਪੰਚਾਇਤਾਂ, ਉਦਯੋਗ ਤੇ ਵਣਜ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਆਯੋਜਿਤ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਾਮਵਰ ਕਲਾਕਾਰਾਂ ਦੀਆਂ ਸੂਫ਼ੀਆਨਾ ਪੇਸ਼ਕਾਰੀਆਂ ਤੋਂ ਇਲਾਵਾ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਕਲਕੱਤਾ, ਰਾਜਸਥਾਨ ਆਦਿ ਰਾਜਾਂ ਤੋਂ ਆਉਣ ਵਾਲੀਆਂ ਮਹਿਲਾ ਉੱਦਮੀਆਂ ਤੇ ਸ਼ਿਲਪਕਾਰਾਂ ਦੀਆਂ ਵਿਲੱਖਣ ਰਚਨਾਵਾਂ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ | ਉਨ੍ਹਾਂ ਕਿਹਾ ਕਿ ਮਲੇਰਕੋਟਲਾ ਆਪਣੀ ਅਮੀਰ ਸੱਭਿਆਚਾਰਕ ਤੇ ਸੂਫ਼ੀ ਵਿਰਾਸਤ ਲਈ ਪ੍ਰਸਿੱਧ ਹੈ ਤੇ ਇਸ ਫ਼ੈਸਟੀਵਲ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਵਿਰਾਸਤ ਤੇ ਲੋਕ ਕਲਾਵਾਂ ਨਾਲ ਜੋੜਨਾ ਹੈ | ਸਮਾਗਮ ਲਈ ਸਾਰੇ ਪ੍ਰਬੰਧ ਉੱਚ ਪੱਧਰ ਤੇ ਸਮੇਂ ਸਿਰ ਮੁਕੰਮਲ ਕੀਤੇ ਜਾਣ | ਫ਼ੈਸਟੀਵਲ ਦੌਰਾਨ ਸਥਾਨਕ ਗਾਇਕੀ ਸ਼ੈਲੀਆਂ, ਸੂਫ਼ੀਆਨਾ ਕਲਾਮ, ਕਿਤਾਬਾਂ, ਮਿੱਟੀ ਦੇ ਭਾਂਡੇ, ਲੋਹੇ ਦੇ ਉਤਪਾਦ, ਪੰਜਾਬੀ ਜੁੱਤੀ, ਕਢਾਈ-ਬੁਣਾਈ ਨਾਲ ਤਿਆਰ ਵਸਤਾਂ, ਖਾਣ-ਪੀਣ ਦੇ ਸਟਾਲਾਂ ਦੇ ਨਾਲ-ਨਾਲ ਨਰਸਰੀ (ਫੁੱਲ-ਬੂਟਿਆਂ) ਦੀਆਂ ਆਰਜ਼ੀ ਦੁਕਾਨਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਮਾਗਮ ਸਬੰਧੀ ਸਾਰੇ ਪ੍ਰਬੰਧ ਨਿਯਤ ਸਮੇਂ ਅੰਦਰ ਪੂਰੇ ਕੀਤੇ ਜਾਣ ਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਤੇ ਟਰੈਫਿਕ ਪ੍ਰਬੰਧ ਸੁਚਾਰੂ ਬਣਾਉਣ ਤੇ ਸਬੰਧਤ ਵਿਭਾਗਾਂ ਨੂੰ ਉੱਚਿਤ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਡਿਪਟੀ ਕਮਿਸ਼ਨਰ ਨੇ ਮਲੇਰਕੋਟਲਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਦੇ ਵਾਸੀਆਂ ਨੂੰ ਇਸ ਵਿਰਾਸਤੀ ਸੂਫ਼ੀ ਪ੍ਰੋਗਰਾਮ ਵਿੱਚ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ | ਇਸ ਮੌਕੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |