ਮਲੇਰਕੋਟਲਾ, 2 ਫਰਵਰੀ (ਮਨਜਿੰਦਰ ਸਿੰਘ ਸਰੌਦ) - ਪੰਜਾਬ ਅੰਦਰ ਸੂਬਾ ਸਰਕਾਰ ਬੀਤੇ ਸਮੇਂ ਤੋਂ ਪੰਜਾਬ ਦੇ ਕਿਸਾਨਾ ਨੂੰ ਫ਼ਸਲੀ ਵਿਭਿੰਨਤਾ ਦੇ ਰਾਹੀਂ ਕਣਕ-ਝੋਨੇ ਦੇ ਫ਼ਸਲੀ ਚੱਕਰ ਦੇ ਵਿਚੋਂ ਕੱਢਣ ਦੇ ਲਈ ਕਰੋੜਾਂ ਰੁਪਏ ਖ਼ਰਚ ਕਰ ਕੇ ਇਸ ਦਾ ਠੋਸ ਹੱਲ ਕੱਢਣ ਦੇ ਲਈ ਯਤਨਸ਼ੀਲ ਹੈ | ਖੇਤੀਬਾੜੀ ਵਿਭਾਗ ਵੱਲੋਂ ਵੀ ਪਿੰਡਾਂ ਅੰਦਰ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਮਕਸਦ ਤਹਿਤ ਸਿਰਫ਼ ਬੁੱਤਾ ਸਾਰਿਆ ਗਿਆ ਤੇ ਉਸ ਦੇ ਵੀ ਕੋਈ ਖ਼ਾਸ ਨਤੀਜੇ ਸਾਹਮਣੇ ਨਹੀਂ ਆ ਸਕੇ | ਖੇਤੀ ਚਿੰਤਕਾਂ ਅਨੁਸਾਰ ਜੇਕਰ ਪੰਜਾਬ ਦਾ ਕਿਸਾਨ ਭਾਈਚਾਰਾ ਫ਼ਸਲੀ ਵਿਭਿੰਨਤਾ ਨੂੰ ਤਰਜ਼ੀਹ ਦੇ ਦੇਵੇ ਤਾਂ ਝੋਨੇ ਦੀ ਪਰਾਲੀ ਤੇ ਧਰਤੀ ਹੇਠਲੇ ਪਾਣੀ ਦਾ ਮਸਲਾ ਵੱਡੀ ਹੱਦ ਤੱਕ ਆਪਣੇ ਆਪ ਹੱਲ ਹੋ ਸਕਦਾ ਹੈ | ਇਸ ਵਰਤਾਰੇ ਦਾ ਇੱਕ ਚੰਗਾ ਤੱਥ ਇਹ ਵੀ ਹੈ ਕਿ ਬਹੁਤ ਸਾਰੇ ਅਗਾਂਹਵਧੂ ਸਿਰੜੀ ਤੇ ਦਿ੍ੜ ਇਰਾਦੇ ਦੇ ਮਾਲਕ ਕਿਸਾਨਾਂ ਵੱਲੋਂ ਆਪਣੇ ਆਪ ਹੀ ਫ਼ਸਲੀ ਵਿਭਿੰਨਤਾ ਨੂੰ ਤਰਜ਼ੀਹ ਦਿੰਦਿਆਂ ਆਪਣੇ ਖੇਤਾਂ ਅੰਦਰ ਰਵਾਇਤੀ ਫ਼ਸਲਾਂ ਦੀ ਬਜਾਏ, ਸਰੋਂ੍ਹ ਜਾਂ ਬਾਕੀ ਫ਼ਸਲਾਂ ਦੀ ਬਿਜਾਈ ਕੀਤੀ ਸੀ, ਦੀ ਸਖ਼ਤ ਮਿਹਨਤ ਨੂੰ ਬੂਰ ਪੈਣ ਦੀ ਆਸ ਬੱਝੀ ਹੈ | ਜਦਕਿ ਖੇਤੀਬਾੜੀ ਵਿਭਾਗ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਉਨ੍ਹਾਂ ਕਿਸਾਨਾਂ ਦੇ ਕੋਲ ਨਹੀਂ ਪਹੁੰਚਿਆ | ਇੱਥੇ ਇਹ ਵੀ ਦੱਸਣਯੋਗ ਹੈ ਅਜਿਹੇ ਕਿਸਾਨਾਂ ਦੀ ਗਿਣਤੀ ਸੂਬੇ ਦੇ ਅੰਦਰ ਬਹੁਤ ਘੱਟ ਹੈ ਜਿਹੜੇ ਆਪਣੇ ਖ਼ੁਦ ਦੇ ਰਹਿਮੋ-ਕਰਮ 'ਤੇ ਰਿਸਕ ਲੈ ਕੇ ਫ਼ਸਲੀ ਵਿਭਿੰਨਤਾ ਅਪਣਾ ਲੈਣ | ਸੂਬੇ ਅੰਦਰ ਬਦਲਵੀਂ ਫ਼ਸਲ ਦੀ ਪਹਿਲਕਦਮੀ ਕਰਦਿਆਂ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਅੰਦਰ ਸਰੋਂ੍ਹ, ਛੋਲੇ ਜਾਂ ਸਬਜ਼ੀ ਆਦਿ ਦੀ ਕਾਸ਼ਤ ਕੀਤੀ ਸੀ, ਉਨ੍ਹਾਂ ਅੰਦਰ ਇਸ ਗੱਲ ਦੀ ਖ਼ੁਸ਼ੀ ਜ਼ਰੂਰ ਹੈ ਕਿ ਇਸ ਵਰ੍ਹੇ ਮੌਸਮ ਠੀਕ ਰਹਿਣ ਕਾਰਨ ਸਰੋਂ੍ਹ ਆਦਿ ਦੀ ਫ਼ਸਲ ਮੌਜੂਦਾ ਸਮੇਂ ਆਪਣੇ ਭਰ ਜੋਬਨ 'ਤੇ ਪਹੁੰਚ ਚੁੱਕੀ ਹੈ | ਗੱਲਬਾਤ ਕਰਦਿਆਂ ਕਿਸਾਨ ਭਰਪੂਰ ਸਿੰਘ, ਮਨਦੀਪ ਸਿੰਘ ਨੇ ਦੱਸਿਆ ਉਨ੍ਹਾਂ ਵੱਲੋਂ ਕਰੀਬ 1 ਹਜ਼ਾਰ ਰੁਪਏ ਕਿੱਲੋ ਲੈਕਸਸ 4644 ਬੀਜ ਲੈ ਕੇ ਲਗਭਗ 4 ਮਹੀਨੇ 'ਚ ਪੱਕਣ ਵਾਲੀ ਸਰੋਂ੍ਹ ਦੀ ਕਾਸ਼ਤ ਕੀਤੀ ਸੀ ਜੋ ਹੁਣ ਪੱਕਣ ਵੱਲ ਵੱਧ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਇਸ ਸਰੋਂ੍ਹ ਦੀ ਫ਼ਸਲ ਦਾ ਝਾੜ ਪ੍ਰਤੀ ਏਕੜ 8 ਤਾੋ 10 ਕੁਇੰਟਲ ਦੱਸਿਆ ਜਾ ਰਿਹਾ ਹੈ, ਬਾਕੀ ਸਮੇਂ ਉੱਤੇ ਨਿਰਭਰ ਕਰਦਾ ਹੈ | ਕਿਸਾਨਾਂ ਨੇ ਆਖਿਆ ਉਨ੍ਹਾਂ ਆਪਣੀ ਜੇਬ ਵਿਚੋਂ ਪੈਸਾ ਖ਼ਰਚ ਕਰ ਕੇ ਰਿਸਕ ਲੈਂਦਿਆਂ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਹੈ, ਇਸ ਲਈ ਚੰਗਾ ਹੋਵੇ ਜੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਮੁੜੇ | ਕਿਸਾਨ ਆਗੂਆਂ ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ ਤੇ ਪ੍ਰਧਾਨ ਬਲਦੇਵ ਸਿੰਘ ਜੈਨਪੁਰ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਵਾਇਤੀ ਖੇਤੀ ਤੋਂ ਹਟ ਕੇ ਬਦਲਵੀਂਆਂ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਦੀ ਮਦਦ ਕਰੇ |