ਸੰਗਰੂਰ, 3 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗੋਲਡਨ ਅਰਥ ਗਲੋਬਲ ਸਕੂਲ ਵਲੋਂ ਬੱਚਿਆਂ ਦੀਆਂ ਛੁਪੀਆਂ ਕਲਾਵਾਂ ਨੂੰ ਨਿਖਾਰਨ ਲਈ 'ਮਿੰਨੀ ਮੈਜਿਕ ਫੈਸਟ ਟੈਲੈਂਟ ਸ਼ੋਅ ਦਾ ਆਯੋਜਨ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਤਕਰੀਬਨ 125 ਬੱਚਿਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਇਸ ਟੈਲੈਂਟ ਸ਼ੋਅ ਵਿਚ 2 ਤੋਂ 13 ਸਾਲ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਰੱਖੇ ਗਏ ਸਨ | ਬੱਚਿਆਂ ਨੇ ਸਟੋਰੀ ਟੈਲਿੰਗ (ਕਹਾਣੀ ਸੁਣਾਉਣਾ), ਗਾਇਨ, ਡਰਾਮਾ ਅਤੇ ਨਾਚ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ | ਵਿਸ਼ੇਸ਼ ਤੌਰ 'ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਭੰਗੜੇ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ | ਇਸ ਤੋਂ ਇਲਾਵਾ ਸ਼ਾਸਤਰੀ ਨਾਚ ਕੱਥਕ ਦੀਆਂ ਵੱਖ-ਵੱਖ ਵੰਨਗੀਆਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ. ਤੇਜਿੰਦਰ ਸਿੰਘ ਵਾਲੀਆ ਅਤੇ ਚੇਅਰਪਰਸਨ ਸੁਖਵਿੰਦਰ ਕੌਰ ਵਾਲੀਆ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੰਚ ਬੱਚਿਆਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦੇ ਹਨ | ਸਕੂਲ ਪਿ੍ੰਸੀਪਲ ਡਾ. ਪਰਮਿੰਦਰ ਸੰਧੂ ਨੇ ਆਏ ਹੋਏ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਅੱਜ ਦੇ ਦੌਰ ਵਿਚ ਬੱਚਿਆਂ ਅੰਦਰਲੀ ਸਿਰਜਣਾਤਮਿਕਤਾ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ | ਮਾਪਿਆਂ ਵਲੋਂ ਮਿਲਿਆ ਸਹਿਯੋਗ ਇਸ ਪ੍ਰੋਗਰਾਮ ਦੀ ਸਫਲਤਾ ਦੀ ਕੁੰਜੀ ਰਿਹਾ ਹੈ | ਪ੍ਰੋਗਰਾਮ ਦੌਰਾਨ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਹਿੱਸਾ ਲੈਣ ਵਾਲੇ ਨੰਨ੍ਹੇ-ਮੁੰਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਆਕਰਸ਼ਕ ਤੋਹਫੇ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ |