ਧੂਰੀ, 3 ਫਰਵਰੀ (ਸੰਜੇ ਲਹਿਰੀ) - ਪੰਜਾਬੀ ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਗਮ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ, ਪਿ੍ੰਸੀਪਲ ਡਾ. ਇਕਬਾਲ ਸਿੰਘ, ਦਲਬਾਰ ਸਿੰਘ ਚੱਠੇ ਅਤੇ ਭਾਸ਼ਾ ਵਿਗਿਆਨੀ ਜੰਗ ਸਿੰਘ ਫ਼ੱਟੜ ਦੇ ਪ੍ਰਧਾਨਗੀ ਮੰਡਲ ਹੇਠ ਕੀਤਾ ਗਿਆ | ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਗੁਰੂ ਰਵਿਦਾਸ ਦੇ ਜਨਮ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਹਾਜ਼ਰੀਨ ਦਾ ਸਵਾਗਤ ਕੀਤਾ , ਸ਼ਹਿਰ ਨਿਵਾਸੀ ਜਗਜੀਤ ਸਿੰਘ ਕਲਸੀ ਨੂੰ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨਿਯੁਕਤ ਹੋਣ 'ਤੇ ਵਧਾਈ ਦਿੱਤੀ ਅਤੇ ਕਰਮਜੀਤ ਹਰਿਆਊ ਤੇ ਪਰਸ਼ਨ ਸਿੰਘ ਬੀਲ੍ਹਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਬੀਤੇ ਮਹੀਨੇ ਸਦੀਵੀ ਵਿਛੋੜਾ ਦੇਣ ਵਾਲੇ ਲੇਖਕਾਂ, ਕਲਾਕਾਰਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ | ਦੂਸਰੇ ਦੌਰ ਵਿਚ ਛੰਦ ਸ਼ਾਸਤਰੀ ਜੰਗ ਸਿੰਘ ਫ਼ੱਟੜ ਨੇ ਨਵੇਂ ਸਾਲ ਤੋਂ ਸ਼ੁਰੂ ਕੀਤੇ ਕਵਿਤਾ ਸਕੂਲ ਦੇ ਪਹਿਲੇ ਪਾਠ ਦੀ ਦੁਹਰਾਈ ਉਪਰੰਤ ਦੂਜਾ ਪਾਠ ਵਿਸਥਾਰ ਸਹਿਤ ਉਦਾਹਰਨਾਂ ਦੇ ਕੇ ਪੜ੍ਹਾਉਣ ਤੋਂ ਬਾਅਦ ਘਰ ਦੇ ਕੰਮ ਵਜੋਂ ਤਰਹ ਮਿਸ਼ਰਾ ਲਿਖਤੀ ਕਾਫ਼ੀਏ ਰਦੀਫ਼ਾਂ ਸਮੇਤ ਵੀ ਦਿੱਤਾ ਗਿਆ ਤਾਂ ਕਿ ਸਿਖਿਆਰਥੀ ਅਭਿਆਸ ਕਰ ਕੇ ਆਪਣੀਆਂ ਰਚਨਾਵਾਂ ਲਿਖ ਸਕਣ | ਪਿਛਲੀਆਂ ਲਿਖੀਆਂ ਰਚਨਾਵਾਂ ਦਾ ਮੁਲਾਂਕਣ ਵੀ ਕੀਤਾ ਗਿਆ | ਤੀਜੇ ਦੌਰ ਵਿਚ ਨਵਤੇਜ ਗੁਰਨੇ ਅਤੇ ਮਨਿੰਦਰ ਪ੍ਰੀਤ ਸਿੰਘ ਦੇ ਸਾਂਝੇ ਉੱਦਮ ਸਦਕਾ ਮਨਸੂਈ ਬੁੱਧੀ ਦੀ ਸਹਾਇਤਾ ਨਾਲ ਰਿਕਾਰਡ ਕੀਤਾ ਮੂਲ ਚੰਦ ਸ਼ਰਮਾ ਦਾ ਲਿਖਿਆ ਸੱਭਿਆਚਾਰਕ ਗੀਤ 'ਮਾਤ-ਭਾਸ਼ਾ ਦੀ ਹੋਣੀ' ਲੋਕ ਅਰਪਣ ਕੀਤਾ ਗਿਆ | ਗੀਤ ਦੇ ਵਿਸ਼ੇ 'ਤੇ ਵਿਚਾਰ ਚਰਚਾ ਕਰਦਿਆਂ ਸਾਂਝੇ ਤੌਰ 'ਤੇ ਸਰਕਾਰ ਵਲੋਂ ਸਮੇਂ-ਸਮੇਂ 'ਤੇ ਬਣਾਏ ਪੰਜਾਬ ਰਾਜ ਭਾਸ਼ਾ ਐਕਟ ਅਤੇ ਕੀਤੀਆਂ ਤਰਮੀਮਾਂ ਤੋਂ ਇਲਾਵਾ ਨਿੱਜੀ ਅਦਾਰਿਆਂ ਦੇ ਬੋਰਡਾਂ ਬਾਰੇ ਬਣਾਏ ਕਾਨੂੰਨ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ | ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਅਧੀਨ ਕੀਤੇ ਗਏ ਕਵੀ ਦਰਬਾਰ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਜਗਦੇਵ ਸ਼ਰਮਾ ਬੁਗਰਾ, ਭਿੰਦਰ ਪਾਲ ਕਾਂਝਲਾ, ਪੇਂਟਰ ਸੁਖਦੇਵ ਸਿੰਘ, ਮਨਜੀਤ ਕੌਰ ਸੰਧੂ, ਪਿ੍ੰਸੀਪਲ ਸੁਖਜੀਤ ਕੌਰ ਸੋਹੀ, ਸੁਰਿੰਦਰ ਸ਼ਰਮਾਂ ਹਰਚੰਦਪੁਰੀ, ਕੁਲਵੰਤ ਸਿੰਘ ਕਸਕ, ਮਨਸੀਰਤ ਕੌਰ, ਜਸਵੀਰ ਸਿੰਘ ਬੰਘਾਂਵਾਲੀ, ਕੁਲਵਿੰਦਰ ਕੌਰ ਢਿੱਲੋਂ, ਪਰਮਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੋਹੀ, ਪਿ੍ੰਸੀਪਲ ਕਮਲਜੀਤ ਟਿੱਬਾ, ਪਰਦੀਪ ਸਿੰਘ ਢੀਂਡਸਾ, ਬਲਜੀਤ ਸਿੰਘ ਬਾਂਸਲ, ਸੁਰਜੀਤ ਸਿੰਘ ਰਾਜੋਮਾਜਰਾ, ਮਨਪ੍ਰੀਤ ਕੌਰ ਮੰਨਤ, ਗੁਰਦਿਆਲ ਨਿਰਮਾਣ ਧੂਰੀ ਅਤੇ ਸਾਵਣ ਕੱਕੜਵਾਲੀਆ ਨੇ ਰਚਨਾਵਾਂ ਤੇ ਦਿਲਬਾਗ ਸਿੰਘ, ਮੇਜਰ ਸਿੰਘ ਭੁੱਲਰਹੇੜੀ , ਬਲਜਿੰਦਰ ਕੌਰ ਢੀਂਡਸਾ, ਕਰਮਜੀਤ ਸਿੰਘ ਜੇ ਈ, ਕਾ. ਸੁਖਦੇਵ ਸ਼ਰਮਾ, ਹਰਬੰਸ ਸਿੰਘ ਬੇਨੜਾ ਅਤੇ ਕੁਲਜੀਤ ਧਵਨ ਨੇ ਆਪਣੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਵੀਤ ਬਾਦਸ਼ਾਹਪੁਰੀ ਨੇ ਆਪਣੇ ਖਰਚੇ 'ਤੇ ਸਾਹਿਤਕ ਕਿਤਾਬਾਂ ਛਾਪਣ ਲਈ ਕਾਵਿ ਰਚਨਾਵਾਂ ਦੀ ਮੰਗ ਕੀਤੀ |