ਮਸਤੂਆਣਾ ਸਾਹਿਬ, 4 ਫਰਵਰੀ (ਦਮਦਮੀ) - ਬਾਬਾ ਸਿੱਧ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਭਾਵਾਲ ਦੇ ਚੇਅਰਮੈਨ ਅਤੇ ਸਟਾਫ਼ ਨੂੰ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਯੋਜਿਤ ਵਿਸ਼ਾਲ ਸਮਾਗਮ ਦੌਰਾਨ ਵੱਕਾਰੀ 'ਫਿਊਚਰ ਚੈਲੇਂਜ ਆਫ਼ ਐਜੂਕੇਸ਼ਨ 2.0' ਐਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਚਿਤਕਾਰਾ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ ਡਾ. ਸੰਧੀਰ ਸ਼ਰਮਾ ਅਤੇ ਐਜੂਫਿਊਚਰ ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੁਨੀਲ ਕੌਸ਼ਲ ਵਲੋਂ ਸਾਂਝੇ ਤੌਰ 'ਤੇ ਪ੍ਰਦਾਨ ਕੀਤਾ ਗਿਆ | ਸਮਾਗਮ ਦੌਰਾਨ ਸਿੱਖਿਆ ਵਿਚ ਆਧੁਨਿਕ ਤਕਨੀਕਾਂ, ਖ਼ਾਸ ਕਰ ਕੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਪਰਮਵੀਰ ਸਿੰਘ ਈਲਵਾਲ ਨੂੰ ਉਨ੍ਹਾਂ ਦੀ ਦੂਰਅੰਦੇਸ਼ ਅਗਵਾਈ ਅਤੇ ਸਿੱਖਿਆ ਖੇਤਰ ਵਿਚ ਕੀਤੇ ਮਹੱਤਵਪੂਰਨ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਸਕੂਲ ਦੇ ਹੋਰ ਪੰਜ ਮੈਂਬਰਾਂ ਨੇ ਵੀ ਆਪਣੀ ਲਗਨ ਅਤੇ ਮਿਹਨਤ ਦੇ ਸਦਕਾ ਇਹ ਮਾਣਯੋਗ ਐਵਾਰਡ ਪ੍ਰਾਪਤ ਕੀਤਾ | ਸਿੱਖਿਆ ਦੇ ਖੇਤਰ ਵਿਚ ਉਤਕਿ੍ਸ਼ਟ ਸੇਵਾਵਾਂ ਲਈ ਅਧਿਆਪਕਾ ਸ਼੍ਰੀਮਤੀ ਗੌਰੀ ਸ਼ਰਮਾ, ਮਿਸ ਅਮਨਦੀਪ ਕੌਰ, ਮਿਸਟਰ ਰਜਿੰਦਰ ਕੁਮਾਰ, ਮਿਸਟਰ ਸਤਵੀਰ ਸਿੰਘ ਅਤੇ ਮਿਸਟਰ ਵਕੀਲ ਸਿੰਘ ਨੂੰ ਵਿਸ਼ੇਸ਼ ਐਵਾਰਡਾਂ ਨਾਲ ਨਿਵਾਜਿਆ ਗਿਆ | ਇਸ ਤੋਂ ਇਲਾਵਾ ਪ੍ਰਬੰਧਕੀ ਕੰਮਕਾਜ ਵਿਚ ਬਿਹਤਰੀਨ ਯੋਗਦਾਨ ਲਈ ਕਲਰਕ ਮਿਸ ਗੁਰਜੀਤ ਕੌਰ ਨੂੰ ਵੀ ਇਸ ਵੱਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਇਸ ਉਪਲਬਧੀ 'ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਖਜਿੰਦਰ ਸਿੰਘ ਨੇ ਸਾਰੇ ਐਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਕੂਲ ਟੀਮ ਦੀ ਇੱਕਜੁੱਟ ਮਿਹਨਤ, ਅਨੁਸ਼ਾਸਨ ਅਤੇ ਨਿਸ਼ਠਾ ਦਾ ਪ੍ਰਤੀਕ ਹੈ | ਚੇਅਰਮੈਨ ਸ਼੍ਰੀ ਪਰਮਵੀਰ ਸਿੰਘ ਈਲਵਾਲ ਨੇ ਚਿਤਕਾਰਾ ਯੂਨੀਵਰਸਿਟੀ ਅਤੇ ਐਜੂਫਿਊਚਰ ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੁਨੀਲ ਕੌਸ਼ਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਵਾਰਡ ਪੂਰੇ ਸਟਾਫ਼ ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ |