ਧੂਰੀ, 4 ਫਰਵਰੀ (ਲਖਵੀਰ ਸਿੰਘ ਧਾਂਦਰਾ) - ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੋਜੀ ਵਲੋਂ ਚਲਾਏ ਜਾ ਰਹੇ ਵਾਤਾਵਰਨ ਐਜੂਕੇਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਮਨਜੀਤ ਕੌਰ ਦੀ ਅਗਵਾਈ ਵਿਚ ਅਤੇ ਸਕੂਲ ਮੁਖੀ ਸ਼੍ਰੀਮਤੀ ਨੀਲਮਜੀਤ ਕੌਰ ਦੀ ਦੇਖਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ ਕਹੇਰੂ ਵਿਖੇ ਵੱਖ-ਵੱਖ ਵਾਤਾਵਰਨ ਸੰਭਾਲ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ ਮਿਸ਼ਨ ਲਾਈਫ਼ ਅਧੀਨ ਵਾਤਾਵਰਨ ਨੂੰ ਬਚਾਉਣ ਸਬੰਧੀ ਬੇਕਾਰ ਕੱਪੜਿਆਂ ਤੋਂ ਥੈਲੇ ਬਣਾਏ ਗਏ ਜੋ ਕਿ ਪਲਾਸਟਿਕ ਦੇ ਬਣੇ ਲਿਫ਼ਾਫ਼ਿਆਂ ਦੀ ਘੱਟ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਪ੍ਰੇਰਨਾ ਦਿੰਦੇ ਸਨ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਵਾਤਾਵਰਨ ਨਾਲ ਸੰਬੰਧਿਤ ਪ੍ਰੇਰਿਤ ਕਰਨ ਲਈ ਸ਼੍ਰੀਮਤੀ ਦੀਪਿਕਾ ਮਖੀਜਾ ਵਲੋਂ ਲੈਕਚਰ ਦਿੱਤਾ ਗਿਆ | ਵਿਦਿਆਰਥੀਆਂ ਵਲੋਂ ਰੱਦੀ ਅਖ਼ਬਾਰ ਦੇ ਲਿਫ਼ਾਫ਼ੇ ਬਣਾ ਕੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਵਿਚ ਕਿਚਨ ਗਾਰਡਨ ਅਤੇ ਘਰਾਂ ਵਿਚ ਦਵਾਈ ਵਾਲੇ ਪੌਦੇ ਲਗਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਕੂਲ ਤੇ ਪਿ੍ੰਸੀਪਲ ਮੈਡਮ ਨੀਲਮਜੀਤ ਕੌਰ, ਇੱਕੋ ਕਲੱਬ ਦੇ ਇੰਚਾਰਜ ਮੈਡਮ ਪ੍ਰਭਜੋਤ ਕੌਰ, ਪੁਨੀਤ ਗੋਇਲ, ਅਮਨਜੀਤ ਕੌਰ, ਰਾਜਪਾਲ ਕੌਰ, ਅਮਨਦੀਪ ਕੌਰ, ਮੀਨਾਕਸ਼ੀ ਰਾਣੀ, ਗੁਰਪ੍ਰੀਤ ਕੌਰ, ਨਵੀਨ ਕੁਮਾਰ, ਅਮਰੀਕ ਸਿੰਘ, ਸਤਬੀਰ ਸਿੰਘ, ਅੰਜੂ ਬਾਲਾ, ਗੁਰਪ੍ਰੀਤ ਸਿੰਘ, ਸੁਮਿੱਤ ਗਰਗ, ਜਰਨੈਲ ਸਿੰਘ, ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ ਆਰੀਆ, ਵਿਕਾਸ ਕੁਮਾਰ ਹਾਜ਼ਰ ਸਨ |