ਲੌਂਗੋਵਾਲ, 4 ਫਰਵਰੀ (ਵਿਨੋਦ ਸ਼ਰਮਾ, ਖੰਨਾ) - ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ ਲੌਂਗੋਵਾਲ ਵਲੋਂ ਲੜਕੀਆਂ ਨੂੰ ਸਵੈ ਨਿਰਭਰ ਕਰਨ ਲਈ ਛੇ ਮਹੀਨਿਆਂ ਦੀ ਸਿਲਾਈ ਦੀ ਟਰੇਨਿੰਗ ਪੂਰਾ ਕਰਨ ਤੋਂ ਬਾਅਦ ਸਿਲਾਈ ਮਸ਼ੀਨ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਆਈ.ਪੀ.ਐੱਸ. ਨੇ ਮੁੱਖ ਮਹਿਮਾਨ ਵਜੋਂ ਅਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਸੰਸਥਾ ਵਲੋਂ 25 ਲੜਕੀਆਂ ਨੂੰ ਛੇ ਮਹੀਨਿਆਂ ਦੀ ਸਿਲਾਈ ਟਰੇਨਿੰਗ ਤੋਂ ਬਾਅਦ ਆਪਣਾ ਕੰਮ ਕਰਨ ਲਈ ਮਸ਼ੀਨਾਂ ਦਿੱਤੀਆਂ ਹਨ ਅਤੇ 50 ਦੇ ਕਰੀਬ ਲੜਕੀਆਂ ਨੂੰ ਕੰਪਿਊਟਰ ਦੀ ਸਿਖਲਾਈ ਉਪਰੰਤ ਪ੍ਰਮਾਣ ਪੱਤਰ ਦਿੱਤੇ ਹਨ | ਮੁੱਖ ਮਹਿਮਾਨ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਲੜਕੀਆਂ ਨੂੰ ਟਰੇਨਿੰਗ ਪੂਰੀ ਕਰਨ ਦੀ ਵਧਾਈ ਦਿੰਦਿਆਂ ਆਪਣੇ ਕੰਮ ਵਿਚ ਨਿਪੁੰਨ ਰਹਿਣ ਦੇ ਨਾਲ ਸੋਸ਼ਲ ਮੀਡੀਆ 'ਤੇ ਸਾਈਬਰ ਅਪਰਾਧਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ | ਅਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਸਥਾ ਵਲੋਂ ਸਮਾਜ ਸੇਵਾ ਪ੍ਰਤੀ ਕੀਤੇ ਕਾਰਜ ਤੋ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਹ ਸੰਸਥਾ ਇਲਾਕੇ ਦੀ ਇੱਕੋ ਇੱਕ ਅਜਿਹੀ ਸੰਸਥਾ ਹੈ ਜਿਹੜੀ ਸੁਰਖ਼ੀਆਂ 'ਚ ਨਾ ਰਹਿ ਕੇ ਵੀ ਨਿਰੋਲ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਜੋਗੀ ਨਾਥ ਸਪੇਰਿਆਂ ਦੀਆਂ ਲੜਕੀਆਂ ਦੀਆਂ ਬਗਲੀਆਂ ਲਹਾ ਕੇ ਉਨ੍ਹਾਂ ਨੂੰ ਸਿਲਾਈ ਸਿਖਾ ਕੇ ਆਤਮ ਨਿਰਭਰ ਬਣਾਇਆ ਹੈ | ਇਸ ਸੰਸਥਾ ਨਾਲ ਜੁੜੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਪੀ.ਕੇ. ਜੈਨ ਨੇ ਕੁੰਜੀਵਤ ਭਾਸ਼ਣ ਨਾਲ ਸਰੋਤਿਆਂ ਨੂੰ ਕੁਝ ਨਵਾਂ ਕਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਸੰਗਰਾਮੀ ਕਲਾ ਕੇਂਦਰ ਸ਼ਹੀਦ ਊਧਮ ਸਿੰਘ ਵਾਲਾ, ਪਵਨ ਯੋਗ ਮੇਕ ਬੈਟਰ ਫਾਊਾਡੇਸ਼ਨ ਸੰਗਰੂਰ, ਪਗੜੀ ਸੰਸਥਾ, ਉੱਨਤ ਭਾਰਤ ਅਭਿਆਨ ਸਲਾਈਟ, ਬਰਾਸ ਫਾਉਂਡੇਸ਼ਨਦਾ ਸਹਿਯੋਗ ਨਾਲ ਸਮਾਜ ਸੇਵਾ ਦੇ ਕਾਰਜ ਚੱਲ ਰਹੇ ਹਨ | ਇਸ ਦੇ ਨਾਲ ਸੰਸਥਾਵਾਂ ਵਲੋਂ ਬਜ਼ੁਰਗ ਸੇਵਾ ਸੁਸਾਇਟੀ ਲੌਂਗੋਵਾਲ ਸੰਸਥਾ ਦੇ ਵਲੰਟੀਅਰ ਦਾ ਸਨਮਾਨ ਕੀਤਾ | ਇਸ ਮੌਕੇ ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ ਢਿੱਲੋਂ, ਹਾਈ ਕੋਰਟ ਦੇ ਸੀਨੀਅਰ ਵਕੀਲ ਐਡ. ਮਨਿੰਦਰ ਸਿੰਘ ਦਿਉਲ, ਪ੍ਰੋ. ਮਨੋਜ ਕੁਮਾਰ, ਚਮਕੌਰ ਸਿੰਘ ਸ਼ਾਹਪੁਰ, ਭੋਲਾ ਸਿੰਘ ਸੰਗਰਾਮੀ, ਡਾ. ਗੁਲਸ਼ਨ ਜਾਵਾ, ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ, ਕਮਲ ਬਰਾੜ, ਕੌਂਸਲਰ ਗੁਰਮੀਤ ਸਿੰਘ ਫੌਜੀ, ਸਤਨਾਮ ਸਿੰਘ ਦਮਦਮੀ, ਬਲਵੰਤ ਸਿੰਘ ਬੀਟਾ, ਰਾਜ ਕੁਮਾਰ ਤਾਤੀ, ਇੰਜ. ਪ੍ਰਮੋਦ ਕੁਮਾਰ, ਪਿ੍ਤਪਾਲ ਸਿੰਘ ਬਟੂਹਾ ਹਾਜ਼ਰ ਸਨ |