ਸੰਗਰੂਰ, 5 ਫਰਵਰੀ (ਦਮਨਜੀਤ ਸਿੰਘ) - ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੀ ਸ਼ਹਿ 'ਤੇ ਕਿਸਾਨਾਂ-ਮਜ਼ਦੂਰਾਂ ਦਾ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦੀ ਮੰਗ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਮੁੱਚੀ ਕਰਜ਼ ਮੁਕਤੀ ਨੂੰ ਲੈ ਕੇ ਲੱਗੇ ਮੋਰਚਿਆਂ ਨੂੰ ਜਬਰੀ ਚੁਕਵਾਇਆ ਗਿਆ | ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਮੋਰਚੇ 'ਤੇ ਜਾ ਰਹੇ ਕਿਸਾਨਾਂ-ਮਜ਼ਦੂਰਾਂ 'ਤੇ ਕੇਂਦਰ ਸਰਕਾਰ ਵਲੋਂ ਕੀਤੇ ਤਸ਼ੱਦਦ ਸਮੇਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਨੂੰ ਕੋਸਦਾ ਸੀ ਕਿ ਜੇ ਪੰਜਾਬ ਦੇ ਕਿਸਾਨ ਦਿੱਲੀ ਨਾ ਜਾਣ ਹੋਰ ਕੀ ਪਾਕਿਸਤਾਨ ਜਾਣ, ਉਸੇ ਮੁੱਖ ਮੰਤਰੀ ਨੇ ਸਵਾ ਸਾਲ ਬਾਅਦ ਕੇਂਦਰ ਸਰਕਾਰ ਦੀ ਝੋਲੀ ਵਿਚ ਪੈ ਕੇ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਉਜਾੜਿਆ ਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਕੇ ਲਗਭਗ ਕਿਸਾਨਾਂ ਦਾ 4 ਕਰੋੜ ਦੇ ਕਰੀਬ ਟਰਾਲੀਆਂ ਸਾਧਨਾਂ ਭਾਂਡਿਆਂ ਦਾ ਨੁਕਸਾਨ ਕੀਤਾ | ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰ ਕੇ ਖੁਰਦ ਬੁਰਦ ਕੀਤੀਆਂ | ਲੌਂਗੋਵਾਲ ਨੇ ਕਿਹਾ ਕਿ ਮੋਰਚੇ ਨੂੰ ਜਬਰੀ ਚੁੱਕਣ ਸਮੇਂ ਕਿਸਾਨਾਂ ਮਜ਼ਦੂਰਾਂ ਦੇ ਹੋਏ ਇਸ ਸਾਰੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਤੋ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਿਜਲੀ ਬਿਲ 2025 ਜਿਸ ਨਾਲ ਕਿਸਾਨਾਂ ਤੇ ਗ਼ਰੀਬ ਲੋਕਾਂ ਦੇ ਕੋਲੋਂ ਬਿਜਲੀ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਬਿਜਲੀ ਦਾ ਖੇਤਰ ਪੂਰੀ ਤਰ੍ਹਾਂ ਕਾਰਪੋਰੇਟ ਅਧੀਨ ਚਲਾ ਜਾਵੇਗਾ ਅਤੇ ਫਿਰ ਕਾਰਪੋਰੇਟ ਘਰਾਣੇ ਮਹਿੰਗੇ ਭਾਅ ਜਾਂ ਮਨ ਮਰਜ਼ੀ ਦੇ ਭਾਅ ਵੇਚਣਗੇ ਤੇ ਖੇਤਾਂ ਦੀ ਬਿਜਲੀ 'ਤੇ ਮਿਲਦੀ ਸਬਸਿਡੀ ਇਹ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ | ਪੰਜਾਬ ਸਰਕਾਰ ਵਲੋਂ ਵੀ ਇਹਨਾਂ ਸਾਰੇ ਬਿੱਲਾਂ ਪ੍ਰਤੀ ਭਾਵੇਂ ਲੋਕਾਂ ਵਿਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਟਵੀਟ ਕਰ ਕੇ ਬਿਜਲੀ ਬਿਲ ਦਾ ਵਿਰੋਧ ਕਰ ਰਹੇ ਹਨ ਪਰ ਬਿਜਲੀ ਬਿੱਲ ਨੂੰ ਜਿੱਥੇ ਵਿਸ਼ੇਸ਼ ਸਦਨ ਸੱਦ ਕੇ ਮੁੱਢੋਂ ਰੱਦ ਕੀਤਾ ਜਾਣਾ ਚਾਹੀਦਾ ਸੀ, ਉਸ ਦੀ ਥਾਂ ਸਿਰਫ਼ ਟਵੀਟ ਕਰ ਕੇ ਬੁੱਤਾ ਸਾਰ ਰਹੇ ਹਨ | ਇਸੇ ਤਰ੍ਹਾਂ ਕੇਂਦਰ ਵਲੋਂ ਲਿਆਂਦੇ ਬੀਜ ਬਿੱਲ 'ਤੇ ਵੀ ਪੰਜਾਬ ਸਰਕਾਰ ਚੁੱਪ ਹੈ | ਸੂਬਾ ਮਹਿਲਾ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਅਮਰੀਕਾ ਨਾਲ ਫ਼ਰੀ ਟਰੇਡ ਸਮਝੌਤਾ ਕਰ ਕੇ ਭਾਰਤ ਤੇ ਪੰਜਾਬ ਦੀ ਕਿਸਾਨੀ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ | ਖ਼ਾਸ ਕਰ ਪੰਜਾਬ ਦੇ ਵਿਚ ਲੋਕਾਂ ਦਾ ਇੱਕੋ ਇੱਕ ਰੁਜ਼ਗਾਰ ਡੇਅਰੀ ਤੇ ਦੁੱਧ ਦਾ ਕਾਰੋਬਾਰ ਬਿਲਕੁਲ ਖ਼ਤਮ ਹੋ ਜਾਵੇਗਾ | ਅੱਜ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰੂਪ ਵਿਚ ਇਹ ਘਿਰਾਓ ਕੀਤੇ ਗਏ ਹਨ | ਜੇ ਸ਼ੰਭੂ ਖਨੌਰੀ ਬਾਰਡਰ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਸਮੇਤ ਕਿਸਾਨਾਂ ਉਪਰ ਪਾਏ ਪਰਾਲੀ ਦੇ ਪਰਚੇ ਰੱਦ ਕਰਨ, ਕਿਸਾਨ ਆਗੂਆਂ ਤੇ ਪਾਏ ਝੂਠੇ ਕੇਸ ਰੱਦ ਕਰਨ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦੇਣ ਦੀਆਂ ਮੰਗਾਂ ਮੰਨਣ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਕਿਸਾਨ ਮਜ਼ਦੂਰ ਮੋਰਚੇ ਵਲੋਂ ਕਰੜਾ ਰੁੱਖ ਅਖ਼ਤਿਆਰ ਕਰ ਕੇ ਆਰ- ਪਾਰ ਦੀ ਲੜਾਈ ਪੰਜਾਬ ਸਰਕਾਰ ਵਿਰੁੱਧ ਵਿੱਢੀ ਜਾਵੇਗੀ | ਧਰਨੇ ਨੂੰ ਜ਼ਿਲ੍ਹਾ ਆਗੂ ਜਸਵੀਰ ਮੈਦੇਵਾਸ, ਹੈਪੀ ਨਮੋਲ, ਸੰਤ ਰਾਮ ਛਾਜਲੀ, ਰਾਜਪਾਲ ਮੰਗਵਾਲ, ਹਰਦੇਵ ਕੁਲਾਰ ਅਤੇ ਸੁਖਵਿੰਦਰ ਪੇਧਨੀ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ |