ਸੰਗਰੂਰ, 5 ਫਰਵਰੀ (ਅਮਨਦੀਪ ਸਿੰਘ ਬਿੱਟਾ) - ਬੇਰੁਜ਼ਗਾਰ ਸਾਂਝਾ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਰੋਸ ਮਾਰਚ ਕਰਦਿਆਂ ਬਰਨਾਲਾ ਕੈਂਚੀਆਂ ਪੁੱਜੇ ਅਤੇ ਉਸ ਉਪਰੰਤ ਧੂਰੀ ਰੋਡ ਦੇ ਫਲਾਈ ਓਵਰ ਨਜ਼ਦੀਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ | ਬੇਰੁਜ਼ਗਾਰਾਂ ਨੂੰ ਪ੍ਰਸ਼ਾਸਨ ਵਲੋਂ ਦਿੱਤੀ 5 ਫਰਵਰੀ ਦੀ ਸਬ ਕਮੇਟੀ ਦੀ ਪੈਨਲ ਮੀਟਿੰਗ ਰੱਦ ਹੋਣ ਪਿੱਛੋਂ ਉਨ੍ਹਾਂ ਦੇ ਵਿਚ ਗ਼ੁੱਸੇ ਦੀ ਲਹਿਰ ਪੈਦਾ ਹੋ ਗਈ ਅਤੇ ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ | ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਪਿਛਲੇ 43 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪੱਕਾ ਮੋਰਚਾ ਲਗਾਇਆ ਹੋਇਆ ਹੈ ਅਤੇ ਜਦ ਅੱਜ ਵੀ ਮੀਟਿੰਗ ਰੱਦ ਹੋਣ ਦਾ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਆਪਣੇ ਗ਼ੁੱਸੇ ਦਾ ਸਖਤ ਸ਼ਬਦਾਂ ਵਿਚ ਇਜ਼ਹਾਰ ਕੀਤਾ | ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਉਹ ਆਪਣੀ ਮੰਗਾਂ ਸਿੱਖਿਆਂ, ਸਿਹਤ ਵਿਭਾਗ ਵਿਚ ਭਰਤੀ, ਉਮਰ ਹੱਦ ਵਿਚ ਛੋਟ, ਮਾਸਟਰ ਕੇਡਰ ਵਿਚ 55 ਫ਼ੀਸਦੀ ਨੰਬਰਾਂ ਦੀ ਲਾਜ਼ਮੀ ਸ਼ਰਤ ਰੱਦ ਕਰਨ ਦੀ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਡੇਢ ਮਹੀਨੇ ਵਿਚ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਲੋਂ ਇੱਕ ਵੀ ਮੀਟਿੰਗ ਉਨ੍ਹਾਂ ਦੀ ਮੰਗਾਂ ਨੂੰ ਲੈ ਕੇ ਨਹੀਂ ਕੀਤੀ ਗਈ | ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਜੋ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ ਨੂੰ ਕੋਰਾਂ ਝੂਠ ਕਰਾਰ ਦਿੰਦਿਆਂ ਢਿੱਲਵਾਂ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿਚ ਬੇਰੁਜ਼ਗਾਰਾਂ ਦੀ ਸਾਰ ਨਾ ਲਈ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨਗੇ | ਇਸ ਮੌਕੇ ਜਸਪਾਲ ਸਿੰਘ ਲਹਿਰਾਗਾਗਾ, ਗੁਰਪ੍ਰੀਤ ਸਿੰਘ ਗਾਜੀਪੁਰ, ਗੁਰਵੀਰ ਸਿੰਘ, ਲਖਵੀਰ ਸਿੰਘ ਬਰਨਾਲਾ, ਅਮਨਦੀਪ ਕੌਰ, ਰਾਜਵੀਰ ਕੌਰ, ਮਨਜੀਤ ਕੌਰ, ਗੁਰਜੀਤ ਕੌਰ ਤਪਾ, ਮਨਦੀਪ ਸਿੰਘ ਭੱਦਲਵੱਢ, ਬਲਵਿੰਦਰ ਸਿੰਘ ਫ਼ਾਜ਼ਿਲਕਾ, ਲਖਵਿੰਦਰ ਸਿੰਘ ਮੱਖੂ, ਮਨਜੀਤ ਉੱਪਲੀ, ਕੁਲਦੀਪ ਸਿੰਘ ਪੁੰਨਾਵਾਲ, ਮਨਦੀਪ ਕੌਰ, ਕੁਲਵੀਰ ਕੌਰ ਰਾਜਗੜ੍ਹ ਕੁੱਬੇ ਹਾਜ਼ਰ ਸਨ |