ਸੰਗਰੂਰ, 5 ਫਰਵਰੀ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਬੱਸ ਅੱਡੇ ਤੋਂ ਬਾਬਾ ਨਾਮਦੇਵ ਚੌਕ ਸਾਬਕਾ ਐਸ.ਪੀ. ਮਦਨਜੀਤ ਸਿੰਘ ਦੀ ਕੋਠੀ ਤੱਕ ਜਾਂਦੀ ਸੜਕ ਦਾ ਸੀਵਰੇਜ ਸਿਸਟਮ ਜੋ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਸੀ, ਨੂੰ ਖੁਲ੍ਹਵਾਉਣ ਲਈ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਵਾਰਡ ਨੂੰ. 9 ਦੀ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਅਤੇ ਵਾਰਡ ਨੰ. 8 ਦੇ ਕੌਂਸਲਰ ਹਿਮਾਂਸ਼ੂ ਹਨੀ ਗਾਬਾ ਨੇ ਜੰਗੀ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਇੱਥੇ ਇਹ ਜ਼ਿਕਰਯੋਗ ਹੈ ਉਪਰੋਕਤ ਸੜਕ ਦੀ ਸੀਵਰੇਜ ਲਾਈਨ ਬੰਦ ਹੋਣ ਕਾਰਨ ਕੇਵਲ ਬਰਸਾਤ ਦੌਰਾਨ ਹੀ ਨਹੀਂ ਆਮ ਦਿਨਾਂ ਵਿਚ ਵੀ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਾ ਹੋ ਜਾਂਦੀ ਸੀ ਜਿਸ ਕਾਰਨ ਮੁਹੱਲਾ ਗੁਰੂ ਨਾਨਕ ਕਾਲੋਨੀ, ਥਲੇਸ ਬਾਗ ਕਾਲੋਨੀ ਦੇ ਵਸਨੀਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਹ ਸੜਕ ਸਮੇਂ ਦਰ ਸਮੇਂ ਉੱਚੀ ਤਾਂ ਹੁੰਦੀ ਰਹੀ ਪਰ ਸੜਕ ਦੇ ਮੇਨ ਹੌਲਾ ਦੇ ਢੱਕਣ ਉੱਚਾ ਚੁੱਕਣ ਦੀ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਤਕਰੀਬਨ ਚਾਰ ਫੁੱਟ ਤੱਕ ਮੇਨ ਹੋਲ ਦੇ ਢੱਕਣ ਸੜਕ ਹੇਠਾਂ ਹੀ ਦੱਬੇ ਰਹਿ ਗਏ ਹਨ | ਸੀਵਰੇਜ ਸਿਸਟਮ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਪ੍ਰਧਾਨ ਨਹਿਲ, ਬੀਬੀ ਬਲਵੀਰ ਕੌਰ ਸੈਣੀ ਦੇ ਸਪੁੱਤਰ ਬਨੀ ਸੈਣੀ ਨਿਊਜ਼ੀਲੈਂਡ ਅਤੇ ਹਿਮਾਂਸ਼ੂ ਗਾਬਾ ਹਨੀ ਨੇ ਲੇਬਰ ਦੇ ਸਹਿਯੋਗ ਨਾਲ ਸੜਕ ਹੇਠਾਂ ਦੱਬੇ ਪਏ ਮੇਨ ਹੋਲ ਦੇ ਢੱਕਣ ਕੱਢਦਿਆਂ ਜੈਟਿੰਗ ਪੰਪ ਰਾਹੀਂ ਲਾਈਨਾਂ ਦੀ ਸਫ਼ਾਈ ਆਰੰਭ ਕਰਵਾਈ | ਬਨੀ ਸੈਣੀ ਨਿਊਜ਼ੀਲੈਂਡ ਨੇ ਕਿਹਾ ਕਿ ਉਹ ਯਤਨਸ਼ੀਲ ਹਨ ਕਿ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਰਾਤ ਨੂੰ ਵੀ ਜਾਰੀ ਰਹੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਦਾ ਹੱਲ ਕੱਢਿਆ ਜਾ ਸਕੇ |