ਸੰਗਰੂਰ, 5 ਫਰਵਰੀ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਸਰਾਓ ਵਲੋਂ ਕੀਤੀ ਪੈਰਵੀ ਤੋਂ ਬਾਅਦ ਕੀਤੀ ਅਪੀਲ 'ਤੇ ਸੁਣਵਾਈ ਮੁਕੰਮਲ ਹੋਣ 'ਤੇ ਦਾਜ ਦਹੇਜ ਦੇ ਇਕ ਮਾਮਲੇ 'ਚੋਂ ਪਤੀ ਸਮੇਤ ਚਾਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਲੌਂਗੋਵਾਲ ਵਿਖੇ 28 ਜੁਲਾਈ 2015 ਨੂੰ ਦਰਜ ਮਾਮਲੇ ਮੁਤਾਬਿਕ ਜਸਵੀਰ ਕੌਰ ਵਾਸੀ ਲੌਂਗੋਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿ ਮੇਰਾ ਦੂਜਾ ਵਿਆਹ ਕੁਲਜੀਤ ਸਿੰਘ ਵਾਸੀ ਸੰਗਰੂਰ ਨਾਲ ਹੋਇਆ ਸੀ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਤੀ ਕੁਲਜੀਤ ਸਿੰਘ, ਸੱਸ ਹਰਦੀਸ ਕੌਰ, ਸਹੁਰਾ ਲਖਬੀਰ ਸਿੰਘ, ਦਰਾਣੀ ਲਭਪ੍ਰੀਤ ਕੌਰ ਉਸ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰਨ ਲੱਗੇ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਪਤੀ ਕੁਲਜੀਤ ਸਿੰਘ, ਸੱਸ ਹਰਦੀਸ ਕੌਰ, ਸਹੁਰਾ ਲਖਵੀਰ ਸਿੰਘ, ਦਰਾਣੀ ਲਭਪ੍ਰੀਤ ਕੌਰ ਵਾਸੀਅਨ ਸੰਗਰੂਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਹੇਠਲੀ ਅਦਾਲਤ ਨੇ ਚਾਰਾਂ ਨੂੰ ਦੋਸ਼ੀ ਮੰਨਦਿਆਂ ਦੋ ਦੋ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ | ਇਸ ਫ਼ੈਸਲੇ ਖ਼ਿਲਾਫ਼ ਕੀਤੀ ਅਪੀਲ 'ਤੇ ਸੁਣਵਾਈ ਮੁਕੰਮਲ ਕਰਦਿਆਂ ਹੁਣ ਅਦਾਲਤ ਨੇ ਪਤੀ ਸਮੇਤ ਚਾਰਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |