ਮੂਨਕ, 21 ਫਰਵਰੀ (ਮਦਾਨ) - ਇਕ ਪਾਸੇ ਸਰਕਾਰ ਮਾਂ ਬੋਲੀ ਪੰਜਾਬੀ ਭਾਸ਼ਾ ਦਾ ਦਿਨ ਮਨਾ ਰਹੀ ਹੈ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਵੱਡੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ | ਦਫ਼ਤਰਾਂ ਵਿਚ ਕੰਮ ਪੰਜਾਬੀ ਵਿਚ ਕੰਮ ਕਰਨ ਦੀਆਂ ਹਦਾਇਤਾਂ ਕਈ ਵਾਰ ਜਾਰੀ ਹੋਈਆਂ ਹਨ | ਸਰਕਾਰੀ ਦਫ਼ਤਰਾਂ ਦੇ ਬੋਰਡ ਅਤੇ ਸੜਕਾਂ ਦੇ ਸਾਈਨ ਬੋਰਡ ਵੀ ਪੰਜਾਬੀ ਵਿਚ ਲਗਾਉਣ ਦੀਆਂ ਹਦਾਇਤਾਂ ਜਾਰੀ ਹਨ ਪਰ ਦੂਜੇ ਪਾਸੇ ਸਰਕਾਰੀ ਬਾਬੂ ਇਸ ਭਾਸ਼ਾ ਨਾਲ ਖਿਲਵਾੜ ਕਰਨ ਦੇ ਰਾਹ ਪਏ ਹਨ | ਉਂਝ ਤਾਂ ਪੂਰੇ ਰਾਜ ਵਿਚ ਸੜਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਪੰਜਾਬੀ ਵਿਚ ਲੱਗੇ ਬੋਰਡਾਂ ਵਿਚ ਕਈ ਉਨਤਾਈਆਂ ਹਨ | ਇੰਨਾ ਵਿਚ ਕੁੱਝ ਉਦਾਹਰਨਾਂ ਸਥਾਨਕ ਸ਼ਹਿਰ ਦੇ ਨੇੜਲੇ ਪਿੰਡਾਂ ਵਿਚ ਰਾਹ ਦਰਸਾਉਣ ਲਈ ਲੱਗੇ ਸਾਈਨ ਬੋਰਡ ਵਿਚ ਗ਼ਲਤੀਆਂ ਤੋਂ ਇਨ੍ਹਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਇਨ੍ਹਾਂ ਬੋਰਡਾਂ ਵਿਚ ਕੀਤੀਆਂ ਗਈਆਂ ਸ਼ਬਦੀ ਗ਼ਲਤੀਆਂ ਨੇ ਕਈ ਪਿੰਡਾਂ ਦੇ ਨਾਵਾਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ | ਪਿੰਡ ਭੁਟਾਲ ਖ਼ੁਰਦ ਦੇ ਬੱਸ ਅੱਡੇ 'ਤੇ ਲੱਗੇ ਸਾਈਨ ਬੋਰਡ ਵਿਚ ਭਾਠੂਆਂ ਦਾ ਸਾਈਨ ਬੋਰਡ ਲਾਇਆ ਗਿਆ ਹੈ ਜਿਸ ਵਿਚ ਇਸ ਦਾ ਨਾਮ ਭਾਟਵਾ' ਲਿਖਿਆ ਹੈ | ਇਸੇ ਤਰ੍ਹਾਂ ਪਿੰਡ ਲੇਹਲ ਕਲਾਂ ਵਿਖੇ ਲਾਏ ਗਏ ਸਾਈਨ ਬੋਰਡ 'ਚ 'ਦੇਹਲਾ' ਦੀ ਥਾਂ 'ਦਹਲਾਂ' ਲਿਖਿਆ ਹੈ | ਇਕ ਜਗਾ ਦੇਹਲਾ ਸ਼ੀਹਾਂ ਦੀ ਥਾਂ ਦੇਹਲਾ ਸੀਹਾ ਲਿਖਿਆ ਹੈ | ਨੌਜਵਾਨ ਆਗੂ, ਗੁਰਵਿੰਦਰ ਸਿੰਘ, ਹੈਪੀ ਸਿੰਘ, ਕਾਲਾ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਰੁੱਟੀਆਂ ਭਰੇ ਇਹ ਰਾਹ ਦਰਸਾਊ ਬੋਰਡ ਲਾਇਆਂ ਨੂੰ ਤਕਰੀਬਨ ਦੋ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਹਰ ਰੋਜ਼ ਇਨ੍ਹਾਂ ਸੜਕਾਂ ਤੋਂ ਲੰਘਦੇ ਉੱਚ ਅਧਿਕਾਰੀਆਂ ਦੀ ਇਨ੍ਹਾਂ ਬੋਰਡਾਂ 'ਤੇ ਨਜ਼ਰ ਨਹੀਂ ਪੈਂਦੀ | ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਦੀ ਕਿਸੇ ਨੂੰ ਪ੍ਰਵਾਹ ਹੀ ਨਹੀਂ ਹੈ | ਪਿੰਡਾਂ ਵਿਚ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਰਾਹ ਦਰਸਾਊ ਸਾਈਨ ਬੋਰਡਾਂ 'ਚ ਬੇਸ਼ੁਮਾਰ ਗ਼ਲਤੀਆਂ ਹਨ | ਇਨ੍ਹਾਂ ਗ਼ਲਤੀਆਂ ਨੂੰ ਦੇਖ ਕੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਸਾਹਮਣੇ ਆਉਂਦੀ ਹੈ | ਇਸ ਸੰਬੰਧੀ ਪਿੰਡ ਦੇ ਸੂਝਵਾਨ ਵਿਅਕਤੀਆਂ ਵਲੋਂ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਇਹ ਗ਼ਲਤੀਆਂ ਵੱਲ ਧਿਆਨ ਦਿਵਾਇਆ ਹੈ ਪਰ ਇਕ ਦੂਜੇ ਦੇ ਸਿਰ ਠੀਕਰਾ ਫੋੜ ਪਰਨਾਲਾ ਦੋ ਸਾਲ ਤੋਂ ਉੱਥੇ ਦੇ ਉੱਥੇ ਹੈ | ਇਸ ਬਾਰੇ ਮੰਡੀਕਰਨ ਬੋਰਡ ਦੇ ਐਕਸੀਅਨ ਪੁਨੀਤ ਸ਼ਰਮਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਹੁਣ ਹੀ ਲਿਆਂਦਾ ਗਿਆ ਹੈ | ਜਾਂਚ ਕਰਵਾ ਕੇ ਸਰਕਾਰੀ ਰਿਕਾਰਡ ਅਨੁਸਾਰ ਇਹ ਸਾਈਨ ਬੋਰਡ ਜਲਦ ਠੀਕ ਕਰਵਾਏ ਜਾਣਗੇ | ਸਥਾਨਕ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗ਼ਲਤ ਲੱਗੇ ਸਾਈਨ ਬੋਰਡਾਂ ਨੂੰ ਠੀਕ ਕਰਵਾਇਆ ਜਾਵੇ |